
ਭਾਵਨਗਰ, 6 ਮਾਰਚ: ਗੁਜਰਾਤ ਦੇ ਭਾਵਨਗਰ ਜ਼ਿਲ੍ਹੇ ਵਿਚ ਪੁਲ ਤੋਂ ਟਰੱਕ ਦੇ ਡਿੱਗ ਜਾਣ ਕਾਰਨ ਉਸ ਵਿਚ ਸਵਾਰ 60 ਜਣਿਆਂ ਵਿਚੋਂ 31 ਜਣਿਆਂ ਦੀ ਮੌਤ ਹੋ ਗਈ ਅਤੇ ਦੋ ਦਰਜਨ ਤੋਂ ਵੱਧ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿਚ ਅੱਠ ਔਰਤਾਂ ਅਤੇ ਚਾਰ ਬੱਚੇ ਵੀ ਸ਼ਾਮਲ ਹਨ। ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਇਹ ਟਰੱਕ ਅਨਿਦਾ ਪਿੰਡ ਤੋਂ 60 ਲੋਕਾਂ ਨੂੰ ਲੈ ਕੇ ਬੋਟਡ ਜ਼ਿਲ੍ਹੇ ਵਿਚ ਵਿਆਹ ਸਮਾਗਮ ਵਿਚ ਜਾ ਰਿਹਾ ਸੀ। ਬਾਰਤੀਆਂ ਨੂੰ ਲਿਜਾ ਰਿਹਾ ਟਰੱਕ ਨਾਲੇ ਉਪਰੋਂ ਲੰਘਣ ਸਮੇਂ ਹੇਠਾਂ ਡਿੱਗ ਪਿਆ ਜਿਸ ਕਾਰਨ ਹੇਠਾਂ ਦੱਬ ਜਾਣ ਨਾਲ ਬਹੁਤੇ ਬਾਰਤੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਲਾੜੇ ਦੇ ਮਾਤਾ ਪਿਤਾ ਵੀ ਸ਼ਾਮਲ ਹਨ। ਸਰਕਾਰ ਨੇ ਮ੍ਰਿਤਕਾਂ ਦੇ ਮਾਪਿਆਂ ਨੂੰ ਚਾਰ-ਚਾਰ ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਟਰੱਕ ਸਵੇਰੇ ਕਰੀਬ 7.30 ਵਜੇ ਰੰਘੋਲਾ ਪਿੰਡ ਕੋਲੋਂ ਨਾਲੇ ਉਪਰੋਂ ਲੰਘ ਰਿਹਾ ਸੀ ਕਿ ਡਰਾਈਵਰ ਦਾ ਸੰਤੁਲਨ ਟੁੱਟ ਗਿਆ ਤੇ ਟਰੱਕ ਜੰਗਲਾ ਤੋੜ ਕੇ 20 ਫ਼ੁਟ ਹੇਠਾਂ ਨਾਲੇ ਵਿਚ ਡਿੱਗ ਗਿਆ। ਮ੍ਰਿਤਕਾਂ ਵਿਚ ਦੋ ਬੱਚੇ ਵੀ ਸ਼ਾਮਲ ਸਨ।
ਨਾਲੇ ਹੇਠਾਂ ਸੀਮਿੰਟ ਦਾ ਫ਼ਰਸ਼ ਬਣਿਆ ਹੋਇਆ ਸੀ ਜਿਸ ਕਾਰਨ 26 ਜਣਿਆਂ ਦੀ ਮੌਤ ਮੌਕੇ 'ਤੇ ਹੀ ਹੋ ਗਈ ਤੇ ਬਾਕੀਆਂ ਨੇ ਹਸਪਤਾਲ ਵਿਚ ਦਮ ਤੋੜਿਆ। ਜਦ ਟਰੱਕ ਨੇ ਕਿਸੇ ਦੂਜੇ ਵਾਹਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਪੁਲ ਤੋਂ ਹੇਠਾਂ ਡਿੱਗ ਗਿਆ। ਜ਼ਖ਼ਮੀ ਵਿਅਕਤੀਆਂ ਨੂੰ ਨੇੜਲੇ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ ਜਿਨ੍ਹਾਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ 'ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਨੀ ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੰਦਿਆਂ ਮ੍ਰਿਤਕਾਂ ਦੇ ਪਰਵਾਰਕ ਮੈਂਬਰਾਂ ਨੂੰ ਚਾਰ-ਚਾਰ ਲੱਖ ਰੁਪਏ ਦੇਣ ਦਾ ਐਲਾਨ ਕੀਤਾ। (ਪੀ.ਟੀ.ਆਈ.)