
ਪਟਿਆਲਾ : ਪੰਜਾਬੀਆਂ ਦੀ ਵਿਦੇਸ਼ਾਂ ਵਿਚ ਵਸਣ ਦੀ ਚਾਹਤ, ਲਾਲਚ ਅਤੇ ਲਲਕ ਇਸ ਕਦਰ ਵਧ ਚੁਕੀ ਹੈ ਕਿ ਲੜਕਾ-ਲੜਕੀ ਵਾਲੇ ਦੋਵੇਂ ਪਰਵਾਰ ਅਕਸਰ ਆਪੋ ਅਪਣੇ ਪੁੱਤਰਾਂ ਅਤੇ ਧੀਆਂ ਨੂੰ ਪੌੜੀ ਬਣਾ ਕੇ ਅਮਰੀਕਾ, ਕੈਨੇਡਾ, ਆਸਟਟ੍ਰੇਲੀਆ ਜਾਂ ਹੋਰ ਚੰਗੇ ਮੁਲਕਾਂ ਵਿਚ ਖ਼ੁਦ ਪਹੁੰਚਣ ਅਤੇ ਬੱਚਿਆਂ ਨੂੰ ਪਹੁੰਚਾਉਣ ਲਈ ਵੱਡੀਆਂ ਰਕਮਾਂ ਖ਼ਰਚਣ ਅਤੇ ਖ਼ਤਰਾ ਮੁੱਲ ਲੈਣ ਤੋਂ ਭੋਰਾ ਵੀ ਗੁਰੇਜ਼ ਨਹੀਂ ਕਰਦੇ ਅਤੇ ਝੂਠੀਆਂ ਸ਼ਾਦੀਆਂ ਦਾ ਇਹ ਝੂਠਾ ਸੌਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਆਨੰਦ ਕਾਰਜ ਦੀਆਂ ਪਵਿੱਤਰ ਰਸਮਾਂ ਨਾਲ ਨੇਪਰੇ ਚਾੜ੍ਹ ਕੇ ਖ਼ੁਸ਼ੀਆਂ ਵਿਚ ਖੀਵੇ ਹੋ ਕੇ ਚਿੱਟੇ ਦਿਨ ਵਿਦੇਸ਼ੀ ਸੁਪਨੇ ਵੇਖਣੇ ਸ਼ੁਰੂ ਕਰ ਦਿੰਦੇ ਹਨ ਪਰ ਗੁਰੂ ਦੀ ਨਾਰਾਜ਼ਗੀ ਨੂੰ ਪਲ ਵਿਚ ਨਜ਼ਰਅੰਦਾਜ਼ ਕਰ ਦਿੰਦੇ ਹਨ।
ਪੰਜਾਬ ਵਿਚ ਪਿਛਲੇ 30-40 ਸਾਲਾਂ ਦੌਰਾਨ ਵਿਦੇਸ਼ੀ ਡਾਲਰਾਂ ਦੀ ਹਵਸ ਪੂਰੀ ਕਰਨ ਹਿੱਤ ਅਜਿਹੀਆਂ ਸ਼ੈਂਕੜੇ ਜਾਂ ਹਜ਼ਾਰਾਂ ਨਹੀਂ ਬਲਕਿ ਲੱਖਾਂ ਸ਼ਾਦੀਆਂ ਹੋ ਚੁਕੀਆਂ ਹਨ ਜਿਥੇ ਰਿਸ਼ਤੇ ਵਿਚ ਭੈਣ ਭਰਾ ਲਗਦੇ ਬੱਚਿਆਂ ਦੇ ਆਨੰਦ ਕਾਰਜ ਵੀ ਕਰਵਾਏ ਗਏ ਹਨ ਅਤੇ ਉਨ੍ਹਾਂ ਨੂੰ ਪਾਸਪੋਰਟਾਂ ਵਿਚ ਪਤੀ-ਪਤਨੀ ਵਿਖਾ ਕੇ ਵਿਦੇਸ਼ ਵਿਚ ਭੇਜਿਆ ਜਾ ਚੁਕਿਆ ਹੈ।
ਸੂਬੇ ਅੰਦਰ ਵਿਸ਼ਾਲ ਪੱਧਰ ’ਤੇ ਇੰਮੀਗ੍ਰੇਸ਼ਨ ਏਜੰਟਾਂ ਦਾ ਫੈਲਿਆ ਮੱਕੜਜਾਲ ਲੋਕਾਂ ਨੂੰ ਵਿਦੇਸ਼ੀ ਸੁਪਨੇ ਵੇਚ ਰਿਹਾ ਹੈ ਅਤੇ ਇਸੇ ਤਰਜ਼ ’ਤੇ ਪੰਜਾਬ ਵਿਚ ਹੁਣ ਵੀ ਰੋਜ਼ਾਨਾ ਦਰਜਨਾਂ ਝੂਠੀਆਂ ਸ਼ਾਦੀਆਂ ਕੀਤੀਆਂ ਜਾ ਰਹੀਆਂ ਹਨ ਜਿਥੇ ਦੋਵੇਂ ਪਰਵਾਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਆਨੰਦ ਕਾਰਜਾਂ ਦੀਆਂ ਰਸਮਾਂ ਪੂਰੀਆਂ ਕਰਵਾਉਂਦੇ ਹਨ।
ਇਸੇ ਤਰ੍ਹਾਂ ਦੇ ਸੌਦਿਆਂ ਵਿਚ ਸੂਬੇ ਦੇ ਲੱਖਾਂ ਪਰਵਾਰ ਆਰਥਿਕ ਤੌਰ ’ਤੇ ਤਬਾਹ ਵੀ ਹੋਏ ਹਨ ਜਦਕਿ ਸਾਡੇ ਸੂਬੇ ਦੀਆਂ ਹਜ਼ਾਰਾਂ ਧੀਆਂ ਅਪਣੇ ਵਿਦੇਸ਼ੀ ਵਸਦੇ ਪਤੀਆਂ ਵਲੋਂ ਭੇਜੇ ਜਾਣ ਵਾਲੇ ਵੀਜ਼ੇ ਦੀ ਉਡੀਕ ਵਿਚ ਨਾ ਵਿਆਹੀਆਂ ਅਤੇ ਨਾ ਕੁਆਰੀਆਂ ਵਾਲਾ ਸੰਤਾਪ ਭੋਗਦੀਆਂ ਹਰ ਦਿਨ ਬੁਢਾਪੇ ਵਲ ਵਧ ਰਹੀਆਂ ਹਨ। ਝੂਠ ਦੇ ਸੌਦੇ ’ਤੇ ਟਿਕੇ ਅਤੇ ਵਪਾਰਕ ਨਜ਼ਰੀਏ ਨਾਲ ਪੂਰ ਚਾੜ੍ਹੇ ਅਜਿਹੇ ਵਿਆਹਾਂ ਨੇ ਭਾਵੇਂ ਬਹੁਤ ਸਾਰੇ ਲੋਕਾਂ ਨੂੰ ਵਿਦੇਸ਼ਾਂ ਵਿਚ ਰੋਟੀ ਦੇ ਆਹਰ ਵੀ ਲਾਇਆ ਹੈ ਪਰ ਆਟੇ ਵਿਚ ਲੂਣ ਵਾਂਗ ਇਨ੍ਹਾਂ ਫ਼ਰਜ਼ੀ ਵਿਆਹਾਂ ਨੇ ਕਈ ਘਰਾਂ ਦੇ ਚਿਰਾਗ ਵੀ ਸਦਾ ਲਈ ਬੁਝਾ ਦਿਤੇ ਹਨ।
ਮੋਗਾ ਨੇੜਲੇ ਬਾਘਾਪੁਰਾਣਾ ਦੇ ਪਿੰਡ ਹਰੀਵਾਲਾ ਵਿਚ ਇਕ 26 ਸਾਲਾ ਨੌਜਵਾਨ ਸੁਖਦੀਪ ਸਿੰਘ ਨੇ ਅਜਿਹੇ ਸੌਦੇ ਤਹਿਤ ਦੋ ਸਾਲ ਪਹਿਲਾਂ ਇਕ ਲੜਕੀ ਗੁਰਮੀਤ ਕੌਰ ਨੂੰ 15 ਲੱਖ ਰੁਪਏ ਖ਼ਰਚ ਕੇ ਕੈਨੇਡਾ ਵਿਖੇ ਸਟੱਡੀ ਵੀਜ਼ੇ ’ਤੇ ਭੇਜਿਆ ਸੀ ਪਰ ਕੈਨੇਡਾ ਵਸਦੀ ਉਸ ਦੀ ਪਤਨੀ ਉਸ ਨਾਲ ਗੱਲ ਕਰਨ ਤੋਂ ਹਮੇਸ਼ਾ ਟਾਲਾ ਵਾਲਾ ਕਰਦੀ ਸੀ। ਪਿਛਲੇ ਵੀਰਵਾਰ ਸੁਖਦੀਪ ਸਿੰਘ ਨੇ ਗੁਰਮੀਤ ਕੌਰ ਨੂੰ ਇਕੋ ਦਿਨ 52 ਵਾਰੀ ਫ਼ੋਨ ਕੀਤਾ ਪਰ ਅੱਗੋਂ ਕੋਈ ਜਵਾਬ ਨਹੀਂ ਮਿਲਿਆ। ਇਸ ਮਨੋਦਿਸ਼ਾ ਵਿਚ ਸੁਖਦੀਪ ਸਿੰਘ ਨੇ ਅਪਣੇ ਲਾਇਸੰਸੀ ਪਿਸਤੌਲ ਨਾਲ ਖ਼ੁਦਕੁਸ਼ੀ ਕਰ ਲਈ।
ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ਧੂਰੀ ਨੇੜਲੇ ਪਿੰਡ ਕਾਤਰੋਂ ਵਿਖੇ ਵੀ ਵਾਪਰੀ ਹੈ ਜਿੱਥੇ ਇਕ ਕਿਸਾਨ ਨੇ ਇਸੇ ਤਰਜ਼ ’ਤੇ ਕੀਤੇ ਵਿਆਹ ਕਾਰਨ ਚੜ੍ਹੇ 15-20 ਲੱਖ ਰੁਪਏ ਕਰਜ਼ੇ ਕਾਰਨ ਅਪਣੇ ਆਪ ਨੂੰ ਅੱਗ ਲਗਾ ਕੇ ਆਤਮ ਹਤਿਆ ਕੀਤੀ ਹੈ। ਇਹ ਦੋ ਮਸਲ ਮੀਡੀਆ ਵਿਚ ਆਉਣ ਕਾਰਨ ਚਰਚਾ ਦਾ ਵਿਸ਼ਾ ਬਣ ਚੁਕੇ ਹਨ ਪਰ ਅਜਿਹੇ ਹੋਰ ਲੱਖਾਂ ਮਸਲੇ ਗਿੱਲੀਆਂ ਪਾਥੀਆਂ ਦੇ ਗੋਹੇ ਵਾਂਗ ਅੰਦਰੋ ਅੰਦਰੀ ਲਗਾਤਾਰ ਧੁਖ ਰਹੇ ਹਨ ਪਰ ਕਿਸੇ ਨੂੰ ਕੋਈ ਖ਼ਬਰ ਨਹੀਂ।