ਨਵੀਂ ਦਿੱਲੀ, 15 ਜਨਵਰੀ: ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ ਨੇ ਚਿਹਰੇ ਦੀ ਪਛਾਣ ਰਾਹੀਂ ਆਧਾਰ ਕਾਰਡ ਦੀ ਵੈਰੀਫ਼ੀਕੇਸ਼ਨ ਦੀ ਅੱਜ ਇਜਾਜ਼ਤ ਦੇ ਦਿਤੀ। ਇਸ ਨਾਲ ਆਧਾਰ ਵੈਰੀਫ਼ੀਕੇਸ਼ਨ ਲਈ ਇਕ ਹੋਰ ਢੰਗ ਜੁੜ ਗਿਆ ਹੈ। ਹੁਣ ਤਕ ਇਹ ਕੰਮ ਉਂਗਲਾਂ ਦੇ ਨਿਸ਼ਾਨ ਅਤੇ ਅੱਖਾਂ ਦੀ ਪੁਤਲੀ ਸਕੈਨ ਕਰ ਕੇ ਹੁੰਦਾ ਹੈ। ਅਥਾਰਟੀ ਦੇ ਇਸ ਕਦਮ ਨਾਲ ਉਨ੍ਹਾਂ ਵਿਅਕਤੀਆਂ ਨੂੰ ਰਾਹਤ ਮਿਲੇਗੀ ਜਿਹੜੇ ਕਈ ਕਾਰਨਾਂ ਕਰ ਕੇ ਆਧਾਰ ਵੈਰੀਫ਼ੀਕੇਸ਼ਨ ਲਈ ਫ਼ਿੰਗਰਪ੍ਰਿੰਟ ਅਤੇ ਆਈਰਸ ਵੀ ਵਰਤੋਂ ਨਹੀਂ ਕਰ ਸਕਦੇ।
ਬਿਆਨ ਵਿਚ ਕਿਹਾ ਗਿਆ ਹੈ ਕਿ ਨਵੀਂ ਸਹੂਲਤ ਵੈਰੀਫ਼ੀਕੇਸ਼ਨ ਦੇ ਮੌਜੂਦਾ ਢੰਗ ਸਮੇਤ ਉਪਲਭਧ ਹੋਵੇਗੀ। ਇਹ ਸਹੂਲਤ ਇਕ ਜੁਲਾਈ 2018 ਤੋਂ ਵਰਤੋਂ ਲਈ ਉਪਲਭਧ ਹੋ ਜਾਵੇਗੀ। ਜਿਨ੍ਹਾਂ ਲੋਕਾਂ ਦੀਆਂ ਉਂਗਲਾਂ ਦੇ ਨਿਸ਼ਾਨ ਧੁੰਦਲੇ ਹੋਣ ਕਾਰਨ ਕਾਰਨ ਉਹ ਅਪਣੇ ਆਧਾਰ ਨੂੰ ਬਾਇਓਮੈਟ੍ਰਿਕ ਢੰਗ ਨਾਲ ਵੈਰੀਫ਼ਾਈ ਨਹੀਂ ਕਰਵਾ ਸਕਦੇ, ਉਨ੍ਹਾਂ ਲਈ ਇਹ ਨਵੀਂ ਸਹੂਲਤ ਮਦਦਗਾਰ ਸਾਬਤ ਹੋਵੇਗੀ। (ਪੀ.ਟੀ.ਆਈ.)