
ਚੀਫ਼ ਖ਼ਾਲਸਾ ਦੀਵਾਨ ਦੇ ਬਰਖਾਸਤ ਮੀਤ ਪ੍ਰਧਾਨ ਤੇ ਉਘੇ ਕਾਰੋਬਾਰੀ ਇੰਦਰਪ੍ਰੀਤ ਸਿੰਘ ਚੱਢਾ ਵਲੋਂ ਬੀਤੇ ਦਿਨ ਖ਼ੁਦਕਸ਼ੀ ਕੀਤੇ ਜਾਣ ਤੋਂ ਬਾਅਦ ਪੁਲਿਸ ਵਲੋਂ ਦੀਵਾਨ ਦੇ ਸਾਬਕਾ ਆਨਰੇਰੀ ਸਕੱਤਰ ਭਾਗ ਸਿੰਘ ਅਣਖੀ, ਵੀਡੀਓ ਮਾਮਲੇ 'ਚ ਦੋਸ਼ ਲਾਉਣ ਵਾਲੀ ਮਹਿਲਾ ਪ੍ਰਿੰਸੀਪਲ ਸਮੇਤ ਚਾਰ ਔਰਤਾਂ ਸਣੇ 11 ਵਿਅਕਤੀਆਂ ਖਿਲਾਫ਼ ਥਾਣਾ ਹਵਾਈ ਅੱਡਾ ਦੀ ਪੁਲਿਸ ਵਲੋਂ ਧਾਰਾ 306, 120 ਬੀ ਅਧੀਨ ਪਰਚਾ ਦਰਜ ਕਰ ਲਿਆ ਹੈ।
ਪੁਲਿਸ ਵਲੋਂ ਮ੍ਰਿਤਕ ਦੇ ਪੁੱਤਰ ਪ੍ਰਭਪ੍ਰੀਤ ਸਿੰਘ ਦੇ ਬਿਆਨਾਂ 'ਤੇ ਸੁਰਜੀਤ ਸਿੰਘ, ਉੱਮਤ, ਕੁਲਜੀਤ ਕੌਰ, ਮਾਨਿਆ, ਦਵਿੰਦਰ ਸੰਧੂ, ਇੰਦਰਪ੍ਰੀਤ ਸਿੰਘ ਅਨੰਦ ਉਰਫ਼ ਸੀ.ਜੀ., ਗੁਰਸੇਵਕ ਸਿੰਘ, ਹਰੀ ਸਿੰਘ ਸੰਧੂ, ਭਾਗ ਸਿੰਘ ਅਣਖੀ, ਨਿਰਮਲ ਸਿੰਘ, ਪ੍ਰਿੰ: ਰਵਿੰਦਰ ਕੌਰ ਖਿਲਾਫ਼ ਪਰਚਾ ਦਰਜ ਕਰਕੇ ਜਾਂਚ ਸ਼ੂਰੂ ਕਰ ਦਿੱਤੀ ਹੈ।
ਪ੍ਰਭਪ੍ਰੀਤ ਸਿੰਘ ਦਾ ਮੰਨਣਾ ਹੈ ਕਿ ਇਨ੍ਹਾਂ ਗਿਆਰਾਂ ਵਿਅਕਤੀਆਂ ਦੇ ਕਾਰਨ ਹੀ ਉਸ ਦੇ ਪਿਤਾ ਨੇ ਖ਼ੁਦਕੁਸ਼ੀ ਕੀਤੀ ਹੈ ਕਿਉਂ ਕਿ ਉਸ ਦੇ ਪਿਤਾ ਉੱਤੇ ਲਗਾਏ ਗਏ ਝੂਠੇ ਇਲਜ਼ਾਮ ਇਨ੍ਹਾਂ ਵਿਅਕਤੀਆਂ ਵੱਲੋਂ ਹੀ ਲਗਾਏ ਗਏ ਸੀ। ਇਨ੍ਹਾਂ 11 ਵਿਅਕਤੀਆਂ ਵਿੱਚ ਉਹ ਸਕੂਲ ਪ੍ਰਿੰਸੀਪਲ ਵੀ ਸ਼ਾਮਲ ਹੈ।
ਜਿਸ ਨੇ ਚਰਨਜੀਤ ਸਿੰਘ ਚੱਢਾ ਉੱਤੇ ਜਿਸਮਾਨੀ ਸ਼ੋਸ਼ਣ ਕਰਨ ਅਤੇ ਇੰਦਰਪ੍ਰੀਤ ਸਿੰਘ ਚੱਢਾ ਉੱਤੇ ਧਮਕੀਆਂ ਦੇਣ ਦੇ ਇਲਜ਼ਾਮ ਲਗਾਏ ਸੀ।ਫਿਲਹਾਲ ਪੁਲੀਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਦਾ ਪੋਸਟਮਾਰਟਮ ਜਾਰੀ ਹੈ।