
ਚੰਡੀਗੜ੍ਹ, 16 ਜਨਵਰੀ (ਨੀਲ ਭਲਿੰਦਰ ਸਿੰਘ) : ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ 'ਅਸ਼ਲੀਲ' ਵੀਡੀਉ ਅਤੇ ਉਸ ਦੇ ਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਦੀ ਖ਼ੁਦਕਸ਼ੀ ਦੇ ਮਾਮਲੇ 'ਚ ਬਣੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਕੋਲ ਲਗਾਤਾਰ ਅਹਿਮ ਸਬੂਤ ਅਤੇ ਸਬੰਧਤ ਵੇਰਵੇ ਪਹੁੰਚਾਏ ਜਾ ਰਹੇ ਹਨ। ਮਰਹੂਮ ਚੱਢਾ ਦੇ ਪੁੱਤਰ ਅਨਮੋਲ ਸਿੰਘ ਚੱਢਾ ਨੇ ਅੱਜ ਐਸਆਈਟੀ ਮੁਖੀ ਐਲ.ਕੇ. ਯਾਦਵ (ਆਈਜੀ ਕਰਾਈਮ) ਨੂੰ ਚੰਡੀਗੜ੍ਹ ਵਿਖੇ ਮਿਲ ਕੇ ਕਈ ਸਬੂਤ ਸੌਂਪੇ ਅਤੇ ਕੁੱਝ ਸਵਾਲਾਂ ਦੇ ਜਵਾਬ ਦਿਤੇ। ਮੁਲਾਕਾਤ ਮਗਰੋਂ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਅਨਮੋਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਕਈ ਅਹਿਮ ਸਬੂਤ ਖ਼ਾਸਕਰ ਫ਼ੋਨ
ਗੱਲਬਾਤ, ਫ਼ੋਨ ਕਾਲ ਵੇਰਵਾ ਆਦਿ ਮਿਲੇ ਹਨ ਜਿਹੜੇ ਟੀਮ ਨੂੰ ਸੌਂਪੇ ਗਏ ਹਨ। ਦੂਜੇ ਪਾਸੇ, ਭਰੋਸੇਯੋਗ ਸੂਤਰਾਂ ਨੇ ਦਸਿਆ ਕਿ ਐਸਆਈਟੀ ਨੇ ਚੱਢਾ ਪਰਵਾਰ ਕੋਲੋਂ ਮਰਹੂਮ ਚੱਢਾ ਦੀ ਅਸਲ ਹੱਥ ਲਿਖਤ ਦੇ ਨਮੂਨੇ ਵੀ ਹਾਸਲ ਕੀਤੇ ਹਨ। ਅਨਮੋਲ ਨੇ ਦਾਅਵਾ ਕੀਤਾ ਕਿ ਇਸ ਮਾਮਲੇ ਵਿਚ ਕਈ ਵੱਡੇ ਵਿਅਕਤੀਆਂ ਵਿਰੁਧ ਉਨ੍ਹਾਂ ਕੋਲ ਸਬੂਤ ਹਨ ਜੋ ਢੁਕਵਾਂ ਸਮਾਂ ਆਉਣ 'ਤੇ ਜਨਤਕ ਕੀਤੇ ਜਾਣਗੇ। ਮੰਨਿਆ ਜਾ ਰਿਹਾ ਹੈ ਕਿ ਐਸਆਈਟੀ ਇੰਦਰਪ੍ਰੀਤ ਸਿੰਘ ਚੱਢਾ ਦੇ ਹੱਥਲਿਖਤ ਖ਼ੁਦਕੁਸ਼ੀ ਪੱਤਰ ਵਿਚਲੀ ਲਿਖਤ ਨੂੰ ਕੇਸ ਰੀਕਾਰਡ 'ਚ ਸਬੂਤ ਵਜੋਂ ਰਖਣਾ ਚਾਹੁੰਦੀ ਹੈ ਕਿਉਂਕਿ ਇਹ ਪੱਤਰ ਕਈ ਨਾਮੀ ਵਿਅਕਤੀਆਂ ਲਈ ਵੱਡੀ ਮੁਸੀਬਤ ਬਣ ਚੁਕਾ ਹੈ। ਚਰਨਜੀਤ ਸਿੰਘ ਚੱਢਾ ਅਤੇ ਉਸ ਦਾ ਦੂਜਾ ਪੁੱਤਰ ਹਰਜੀਤ ਸਿੰਘ ਚੱਢਾ (ਕਥਿਤ ਸਹਿ ਦੋਸ਼ੀ ਵੀ) ਸੋਮਵਾਰ ਨੂੰ ਚੰਡੀਗੜ੍ਹ ਵਿਖੇ ਹੀ ਐਸਆਈਟੀ ਕੋਲ ਪੇਸ਼ ਹੋ ਚੁਕੇ ਹਨ।