
ਤਕਨੀਕ ਦੇ ਇਸ ਯੁੱਗ 'ਚ ਨਾ ਹੁਣ ਕੁਝ ਹੈਕ ਹੋਵੇਗਾ ਤੇ ਨਾ ਹੀ ਕੋਈ ਕਿਸੇ ਤਰ੍ਹਾਂ ਦਾ ਪਾਸਵਰਡ ਤੋੜ ਸਕੇਗਾ। ਇਸ ਗੱਲ ਦਾ ਦਾਅਵਾ ਪੰਜਾਬ ਸੂਬੇ ਦੇ ਪਿੰਡ ਰਾਮੇਆਣਾ ਦੇ ਸੁਖਵਿੰਦਰ ਨੇ ਕੀਤਾ ਹੈ। ਹਜ਼ਾਰਾਂ ਨਵੀਆਂ ਤਕਨੀਕਾਂ ਹਰ ਰੋਜ਼ ਤਰਾਸ਼ੀਆਂ ਜਾਂਦੀਆਂ ਹਨ।
ਇਸੇ ਤਰ੍ਹਾਂ ਇਕ ਨਵੀਂ ਤਕਨੀਕ ਪੰਜਾਬ ਦੇ ਪਿੰਡ ਰਾਮੇਆਣਾ ਦੇ ਨੌਜਵਾਨ ਨੇ ਤਿਆਰ ਕੀਤੀ ਹੈ। ਜਿਸ ਦੀ ਇਲਾਕੇ 'ਚ ਖੂਬ ਚਰਚਾ ਹੋ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਬਾਰਵੀਂ ਪਾਸ ਸੁਖਵਿੰਦਰ ਨੇ ਇਕ ਐਸਾ ਪ੍ਰੋਜੈਕਟ ਤਿਆਰ ਕੀਤਾ ਹੈ ਜਿਸ ਦੇ ਪਾਸਵਰਡ ਨੂੰ ਨਾ ਤਾਂ ਕੋਈ ਹੈਕ ਕਰ ਸਕਦਾ ਹੈ ਤੇ ਨਾ ਹੀ ਇਸ ਪਾਸਵਰਡ ਨੂੰ ਕੋਈ ਤੋੜ ਸਕਦਾ ਹੈ। ਸੁਖਵਿੰਦਰ ਵੱਲੋਂ ਤਿਆਰ ਕੀਤੀ ਗਈ ਇਸ ਤਕਨੀਕ 'ਚ ਹਜ਼ਾਰ ਤਰ੍ਹਾਂ ਦੇ ਪਾਸਵਰਡ ਲੱਗਦੇ ਹਨ।
ਸੁਖਵਿੰਦਰ ਇਕ ਗਰੀਬ ਪਰਿਵਾਰ ਤੋਂ ਹੈ, ਜੋ ਬਿਜਲੀ ਤੇ ਪਲੰਬਰ ਦਾ ਕੰਮ ਕਰ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਹੈ। ਸੁਖਵਿੰਦਰ ਨੇ ਦੱਸਿਆ ਕਿ ਇਸ ਤਕਨੀਕ ਦੀ ਵਰਤੋਂ ਹੋਮ ਸਿਕੀਊਰਟੀ, ਬੈਂਕ ਲਾਕਰ, ਮਿਊਜ਼ੀਅਮ, ਕਾਰ ਆਦਿ 'ਚ ਕੀਤੀ ਜਾ ਸਕਦੀ ਹੈ। ਸੁਖਵਿੰਦਰ ਦਾ ਇਸ ਪ੍ਰੋਜੈਕਟ 'ਤੇ ਕਰੀਬ 5 ਹਜ਼ਾਰ ਦਾ ਖ਼ਰਚ ਆਇਆ ਹੈ ਤੇ ਉਸ ਨੇ ਸਰਕਾਰ ਤੋਂ ਸਹਾਇਤਾ ਦੀ ਮੰਗ ਕੀਤੀ ਹੈ।