
ਮਿਸਰ ਦੀ ਇਕ ਅਦਾਲਤ ਨੇ ਇਕ ਪੋਪ ਸਟਾਰ ਨੂੰ 2 ਸਾਲ ਲਈ ਜੇਲ ਭੇਜ ਦਿੱਤਾ ਹੈ। ਇਹ ਗਾਇਕਾ ਇਕ ਮਿਊਜ਼ਿਕ ਵੀਡੀਓ ਵਿੱਚ ਇਨਰ-ਵੀਅਰ ਪਹਿਨੇ ਹੋਏ ਇੱਕ ਕੇਲਾ ਖਾਂਦੀ ਦਿਖਾਈ ਦਿੱਤੀ ਸੀ। 25 ਸਾਲ ਦੀ ਸ਼ਾਇਮਾ ਅਹਿਮਦ ਨੂੰ ਪਿਛਲੇ ਮਹੀਨੇ ਗ੍ਰਿਫਤਾਰ ਕੀਤਾ ਗਿਆ ਸੀ।
ਉਸ ਉੱਤੇ ਦੋਸ਼ ਸੀ ਕਿ ਉਸ ਦਾ ਮਿਊਜ਼ਿਕ ਵੀਡੀਓ ਅਸ਼ਲੀਲ ਤੇ ਉਤੇਜਨਾ ਭੜਕਾਉਣ ਵਾਲਾ ਹੈ। ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਮੰਗਲਵਾਰ ਨੂੰ ਸ਼ਾਇਮਾ ਨੂੰ ਇਹ ਅਸ਼ਲੀਲ ਵੀਡੀਓ ਬਣਾਉਣ ਦਾ ਦੋਸ਼ੀ ਪਾਇਆ ਗਿਆ। ਕੋਰਟ ਨੇ ਇਸ ਵੀਡੀਓ ਦੇ ਡਾਇਰੈਕਟਰ ਨੂੰ ਵੀ 2 ਸਾਲ ਲਈ ਜੇਲ ਭੇਜਣ ਦਾ ਆਦੇਸ਼ ਦਿੱਤਾ।
ਆਪਣੀ ਗ੍ਰਿਫਤਾਰੀ ਤੋਂ ਪਹਿਲਾਂ ਸ਼ਾਇਮਾ ਮੁਆਫੀ ਮੰਗ ਚੁੱਕੀ ਸੀ। ਉਸ ਨੇ ਆਪਣੇ ਫੇਸਬੁੱਕ ਪੇਜ ਉੱਤੇ ਲਿਖਿਆ, ‘ਮੈਂ ਕਦੀਂ ਨਹੀਂ ਸੋਚਿਆ ਸੀ ਕਿ ਅਜਿਹਾ ਹੋਵੇਗਾ ਤੇ ਮੈਨੂੰ ਲੋਕਾਂ ਦੇ ਅਜਿਹੇ ਹਮਲਿਆਂ ਦਾ ਸਾਹਮਣਾ ਕਰਨਾ ਪਵੇਗਾ।’ ਵਰਨਣ ਯੋਗ ਹੈ ਕਿ ਸ਼ਾਇਮਾ ਅਹਿਮਦ ਆਪਣੇ ਮਿਊਜ਼ਿਕ ਵੀਡੀਓ ਵਿੱਚ ਫਲ ਖਾਂਦੀ ਦਿਖਾਈ ਦੇਂਦੀ ਸੀ।
ਇਸ ਵੀਡੀਓ ਵਿੱਚ ਉਸ ਨੂੰ ਇਕ ਕਲਾਸ ਨੂੰ ਪੜ੍ਹਾਉਂਦੇ ਹੋਏ ਵੀ ਦਿਖਾਇਆ ਗਿਆ ਸੀ। ਮਿਸਰ ਦੀ ਜਨਤਾ ਅਤੇ ਸਰਕਾਰ ਨੂੰ ਸ਼ਾਇਮਾ ਦੇ ਫਲ ਖਾਣ ਦਾ ਤਰੀਕਾ ਅਸ਼ਲੀਲ ਤੇ ਸਮਾਜ ਲਈ ਹਾਨੀਕਾਰਕ ਲੱਗਾ, ਜਿਸ ਪਿੱਛੋਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਦੇ ਨਾਲ ਉਸ ਦੇ ਗੀਤ ਪ੍ਰਫਾਰਮ ਕਰਨ ਉੱਤੇ ਵੀ ਰੋਕ ਲਾ ਦਿੱਤੀ ਗਈ ਸੀ।