
(ਪਨੇਸਰ ਹਰਿੰਦਰ ) - ਕਦੀ ਤਾਜ ਮਹਿਲ ਕਦੀ ਟੀਪੂ ਸੁਲਤਾਨ ਦੇ ਨਾਂਅ 'ਤੇ ਦੇਸ਼ ਦੇ ਇਤਿਹਾਸ ਨੂੰ ਬਦਲਣ ਦੀਆਂ ਸ਼ਰੇ-ਆਮ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਅਤੇ ਇਹੋ ਜਿਹੀਆਂ ਗ਼ੈਰ-ਸਮਾਜਿਕ ਹਰਕਤਾਂ ਨੂੰ ਕੌਮ ਦੀ ਸੇਵਾ ਦਾ ਸਿਰਲੇਖ ਦੇ ਕੇ ਦੇਸ਼ ਵਾਸੀਆਂ ਨੂੰ ਭਰਮਾਇਆ ਜਾ ਰਿਹਾ ਹੈ।ਜਿਹਨਾਂ ਮੁਗ਼ਲਾਂ ਦੇ ਬਣਾਏ ਸਮਾਰਕਾਂ ਤੋਂ ਨਾਂਅ 'ਤੇ ਦੇਸ਼ ਨੇ ਸਾਲਾਂ ਦਰ ਸਾਲ ਕਮਾਈ ਕੀਤੀ।
ਜਿਹੜੇ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਦੀ ਪਹਿਚਾਣ ਨੇ, ਸਮਾਰਕਾਂ ਤੋਂ ਇਲਾਵਾ ਪਤਾ ਨਹੀਂ ਕਿੰਨੇ ਸ਼ਹਿਰ, ਕਿੰਨੀਆਂ ਸੜਕਾਂ, ਕਿੰਨੇ ਇਲਾਕੇ ਸਾਡੀਆਂ ਤੋਂ ਮੁਗ਼ਲਾਂ ਦੇ ਨਾਂਅ 'ਤੇ ਦੇਸ਼ ਦਾ ਪ੍ਰਤੀਕ ਬਣੇ ਉਹਨਾਂ ਨੂੰ ਅੱਜ ਤਬਾਹ ਕਰਨ ਦੀਆਂ ਗੱਲਾਂ ਹੋ ਰਹੀਆਂ ਹਨ ਜਿਹਨਾਂ ਲਈ ਸਿਰਫ਼ ਧਰਮ ਦੀਆਂ ਦਲੀਲਾਂ ਦਾ ਸਹਾਰਾ ਲਿਆ ਜਾ ਰਿਹਾ ਹੈ।
ਜੇਕਰ ਗੱਲ ਕਰੀਏ ਦੇਸ਼ ਦੇ ਉਹਨਾ 10 ਵੱਡਿਆਂ ਸਮਾਰਕਾਂ ਦੀ ਜਿਹਨਾਂ ਤੋਂ ਦੇਸ਼ ਨੂੰ ਸੈਰ-ਸਪਾਟੇ ਅਧੀਨ ਕਰੋੜਾਂ ਰੁਪਿਆਂ ਦੀ ਆਮਦਨੀ ਹੁੰਦੀ ਹੈ ਤਾਂ ਉਹਨਾਂ ਦਸਾਂ ਵਿੱਚੋਂ 6 ਮੁਗ਼ਲ ਸ਼ਾਸਕਾਂ ਦੇ ਬਣਾਏ ਹੋਏ ਹਨ। ਸਾਲ 2013-14 ਦੇ ਰਿਕਾਰਡ ਅਨੁਸਾਰ ਤੁਹਾਨੂੰ ਦੱਸਦੇ ਹਾਂ ਕਿਹੜੇ ਨੇ ਇਹ ਦੇਸ਼ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਇਤਿਹਾਸਿਕ ਸਮਾਰਕ
1. ਤਾਜ ਮਹਿਲ, ਆਗਰਾ
21,84,88,950 ਰੁ.
ਸੰਗਮਰਮਰ ਦਾ ਇਹ ਆਲੀਸ਼ਾਨ ਸਮਾਰਕ ਮੁਗ਼ਲ ਸਮਰਾਟ ਸ਼ਾਹਜਹਾਂ ਦੀ ਤੀਜੀ ਪਤਨੀ ਮੁਮਤਾਜ ਮਹਿਲ ਦੀ ਯਾਦ ਵਿੱਚ ਬਣਵਾਇਆ ਸੀ ਜਿਸਦੀ ਪ੍ਰਸ਼ੰਸਾ ਪੂਰੀ ਦੁਨੀਆ ਕਰਦੀ
ਹੈ। ਲਿਸਟ ਵਿੱਚ ਤਾਜ ਮਹਿਲ ਦੇਸ਼ ਦਾ ਸਭ ਤੋਂ ਵੱਡਾ ਕਮਾਈ ਕਰਨ ਵਾਲਾ ਸਮਾਰਕ ਹੈ।
2. ਆਗਰੇ ਦਾ ਕਿਲਾ
10,22,56,790 ਰੁ.
ਆਗਰੇ ਦਾ ਕਿਲਾ ਤੀਜੀ ਮੁਗ਼ਲ ਸਮਰਾਟ ਅਕਬਰ ਦੀ ਦੇਖ ਰੇਖ ਹੇਠ ਬਣਿਆ ਸੀ ਅਤੇ ਇਹ ਵੀ ਯੂਨੇਸਕੋ ਦੀ ਵਰਲਡ ਹੈਰੀਟੇਜ ਸਾਈਟ ਹੈ। ਅਕਬਰ ਤੋਂ ਇਲਾਵਾ ਮੁਗ਼ਲ
ਬਾਦਸ਼ਾਹ ਬਾਬਰ, ਹਿਮਾਯੂੰ ਅਤੇ ਜਹਾਂਗੀਰ ਅਤੇ ਹੋਰ ਇਸ ਕਿਲੇ ਵਿੱਚ ਰਹਿੰਦੇ ਰਹੇ ਹਨ। ਕਿਸੇ ਸਮੇਂ ਦੇਸ਼ ਦਾ ਸ਼ਾਸਨ ਇਸ ਕਿਲੇ ਤੋਂ ਚੱਲਦਾ ਸੀ।
3. ਕੁਤੁਬ ਮੀਨਾਰ, ਦਿੱਲੀ
10,16,05,890 ਰੁ.
ਕੁਤੁਬ ਮੀਨਾਰ ਦਾ ਨਿਰਮਾਣ 13 ਵੀਂ ਸਦੀ ਦੇ ਸ਼ੁਰੂ ਵਿੱਚ ਕੀਤਾ ਗਿਆ ਸੀ। ਇਹ ਭਾਰਤ ਵਿੱਚ ਮੋਹਾਲੀ ਦੇ ਚੱਪੜ ਚਿੜੀ ਵਿੱਚ ਬਣੇ ਫਤਿਹ ਬੁਰਜ ਤੋਂ ਬਾਅਦ ਦੂਜਾ ਸਭ ਤੋਂ ਉੱਚਾ
ਮੀਨਾਰ ਹੈ। ਜ਼ਿਕਰਯੋਗ ਹੈ ਕਿ ਕੁਤੁਬ ਮੀਨਾਰ ਯੂਨੇਸਕੋ ਦੀ ਵਰਲਡ ਹੈਰੀਟੇਜ ਸਾਈਟ ਹੈ।
4. ਹਿਮਾਯੂੰ ਦਾ ਮਕਬਰਾ, ਦਿੱਲੀ
7,12,88,110 ਰੁ.
ਮੁਗਲ ਸਮਰਾਟ ਹੁਮਾਯੂੰ ਦਾ ਮਕਬਰਾ 1572 ਵਿਚ ਉਸ ਦੀ ਵਿਧਵਾ, ਬੇਗਾ ਬੇਗਮ ਦੁਆਰਾ ਬਣਵਾਇਆ ਗਿਆ ਸੀ।
5. ਲਾਲ ਕਿਲਾ, ਦਿੱਲੀ
6,15,89,750 ਰੁ.
ਸ਼ਾਹਜਹਾਂ ਦੇ ਰਾਜ ਸਮੇਂ ਲਾਲ ਕਿਲ੍ਹਾ ਉਸਦਾ ਮਹਿਲ ਸੀ। ਲਾਲ ਕਿਲੇ ਨੂੰ ਇਸਦਾ ਨਾਂਅ ਇਸਦੀਆਂ ਅੱਠੋ ਪਾਸਿਆਂ ਦੀਆਂ ਦੀਵਾਰਾਂ 'ਤੇ ਲੱਗਿਆ ਹੈ। ਲਾਲ ਕਿਲਾ ਲਗਭੱਗ 200
ਸਾਲਾਂ ਤੱਕ ਮੁਗ਼ਲਾਂ ਦਾ ਮਹਿਲ ਬਣਿਆ ਰਿਹਾ।
6. ਫ਼ਤਿਹਪੁਰ ਸੀਕਰੀ ਦੇ ਇਤਿਹਾਸਿਕ ਸਮਾਰਕ
5,62,14,640 ਰੁ.
ਫ਼ਤਿਹਪੁਰ ਸੀਕਰੀ ਸ਼ਹਿਰ 1569 ਵਿਚ ਮੁਗ਼ਲ ਬਾਦਸ਼ਾਹ ਅਕਬਰ ਨੇ ਸਥਾਪਿਤ ਕੀਤਾ ਸੀ। 1571 ਤੋਂ 1585 ਤੱਕ ਇਹ ਅਕਬਰ ਦੀ ਰਾਜਧਾਨੀ ਰਿਹਾ। ਇਹਨਾਂ ਸਮਾਰਕਾਂ ਵਿੱਚ ਬੁਲੰਦ ਦਰਵਾਜ਼ਾ, ਜਾਮਾ ਮਸਜਿਦ, ਸਲੀਮ ਚਿਸ਼ਤੀ ਦੀ ਦਰਗਾਹ, ਪੰਚ ਮਹਿਲ ਅਤੇ ਹਿਰਨ ਮੀਨਾਰ ਪ੍ਰਮੁੱਖ ਹਨ।
7. ਮਹਾਬਲੀਪੁਰਮ ਦੇ ਸਮਾਰਕ
2,72,93,480 ਰੁ.
ਚੇਨਈ ਤੋਂ 60 ਕਿਲੋਮੀਟਰ ਦੱਖਣ ਵੱਲ ਸਥਿਤ ਇਸ ਕਸਬੇ ਦੀਆਂ ਇਮਾਰਤਾਂ ਅਤੇ ਪੁਰਾਤਨ ਮੰਦਰ ਇਕ ਪੁਰਾਤਨ ਬੰਦਰਗਾਹ ਦੇ ਬਚੇ ਹਿੱਸੇ ਹਨ ਜਿੱਥੋਂ ਪੁਰਾਣੇ ਸਮਿਆਂ ਵਿੱਚ
ਭਾਰਤੀ ਵਪਾਰੀ ਦੱਖਣ ਪੂਰਬ ਏਸ਼ੀਆ ਵੱਲ ਯਾਤਰਾ ਲਈ ਜਾਂਦੇ ਸੀ। ਇਹਨਾਂ ਸਮਾਰਕਾਂ ਵਿੱਚ ਰੱਥ ਮੰਦਰ, ਵਰਾਹ ਗੁਫਾ ਮੰਦਰ, ਚੱਟਾਨਾਂ 'ਤੇ ਬਣੇ ਸ਼ਿਲਾਲੇਖ ਅਤੇ ਸਮੁੰਦਰ
ਕਿਨਾਰੇ ਬਣਿਆ ਮੰਦਰ ਹੈ ਜਿਸਨੂੰ ਤਟ 'ਤੇ ਬਣਿਆ ਹੋਣ ਕਾਰਨ ਸ਼ੋਰ ਟੈਂਪਲ ਦਾ ਨਾਂਅ ਦਿੱਤਾ ਗਿਆ ਹੈ।
8. ਕੋਨਾਰਕ ਦਾ ਸੂਰਜ ਦੇਵਤਾ ਦਾ ਮੰਦਰ
2,43,52,060 ਰੁ.
ਉੜੀਸਾ ਵਿੱਚ ਬਣੇ ਇਸ 13 ਵੀਂ ਸਦੀ ਦੇ ਇਸ ਮੰਦਰ ਵਿੱਚ ਸੂਰਜੀ ਰੱਥ ਨੂੰ ਰੂਪਮਾਨ ਕੀਤਾ ਗਿਆ ਹੈ। ਇਸ ਰੱਥ ਰੂਪੀ ਮੰਦਰ ਦੀ ਦਿੱਖ, ਬੇਹੱਦ ਕਾਰੀਗਰੀ ਨਾਲ ਤਰਾਸ਼ੇ ਗਏ
ਪਹੀਏ ਅਤੇ ਮੂਰਤੀਆਂ ਇਸਦੀ ਵਿਸ਼ੇਸ਼ਤਾ ਹਨ।
9. ਖਜੁਰਾਹੋ ਦੇ ਮੰਦਰ
2,24,47,030 ਰੁ.
ਮੱਧ ਪ੍ਰਦੇਸ਼ ਦੇ ਖਜੁਰਾਹੋ ਵਿੱਚ ਮੱਧਯੁਗੀ ਹਿੰਦੂ ਅਤੇ ਜੈਨ ਮੰਦਰਾਂ ਦਾ ਇੱਕ ਸਮੂਹ ਹੈ ਜਿਹਨਾਂ ਵਿੱਚੋਂ ਕਈਆਂ ਦੀ ਉੱਤੇਜਨਾਤਮਕ ਮੂਰਤੀਆਂ ਅਕਸਰ ਚਰਚਾ ਦਾ ਵਿਸ਼ਾ ਬਣਦੀਆਂ
ਰਹਿੰਦੀਆਂ ਹਨ।
10. ਐਲੋਰਾ ਦੀਆਂ ਗੁਫ਼ਾਵਾਂ
2,06,72,820 ਰੁ.
ਐਲੋਰਾ ਦੀਆਂ ਗੁਫ਼ਾਵਾਂ ਮਹਾਰਾਸ਼ਟਰਾ ਸੂਬੇ ਦੇ ਔਰੰਗਾਬਾਦ ਤੋਂ 26 ਕਿਲੋਮੀਟਰ ਦੀ ਦੂਰੀ 'ਤੇ ਸਥਿੱਤ ਹਨ ਜਿਹਨਾਂ ਵਿੱਚ ਪੱਥਰਾਂ ਨੂੰ ਕੱਟ ਕੇ ਗੁਫਾ ਰੂਪੀ ਮੰਦਰਾਂ ਦਾ ਨਿਰਮਾਣ ਕੀਤਾ ਗਿਆ ਹੈ। ਇੱਥੋਂ ਦਾ ਕੈਲਾਸ਼ ਮੰਦਰ ਦੁਨੀਆ ਦੁਨੀਆ ਦੇ ਪੱਥਰ ਨੂੰ ਤਰਾਸ਼ ਕੇ ਬਣਾਏ ਗਏ ਮੰਦਰਾਂ ਵਿੱਚ ਆਪਣਾ ਅਹਿਮ ਸਥਾਨ ਰੱਖਦਾ ਹੈ।
ਸੋ ਇਸ ਲਿਸਟ ਅਨੁਸਾਰ ਦੇਸ਼ ਦੇ 10 ਵੱਡੇ ਇਤਿਹਾਸਿਕ ਸਮਾਰਕਾਂ ਵਿਚੋਂ 6 ਮੁਗ਼ਲ ਸ਼ਾਸਕਾਂ ਦੁਆਰਾ ਬਣਾਏ ਗਏ ਹਨ ਅਤੇ ਇਹਨਾਂ ਤੋਂ ਇੱਕ ਵੱਡੀ ਰਾਸ਼ੀ ਮਾਲੀਏ ਦੇ ਰੂਪ ਵਿੱਚ ਦੇਸ਼ ਦੇ ਖਜ਼ਾਨੇ ਵਿੱਚ ਜੁੜਦੀ ਹੈ।
ਦੇਸ਼ ਦੇ ਜਿਸ ਵੰਨ-ਸੁਵੰਨੇ ਇਤਿਹਾਸ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ, ਏਕਤਾ ਵਿੱਚ ਅਨੇਕਤਾ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ ਉਸਨੂੰ ਸੰਪ੍ਰਦਾਇਕ ਰੰਗ ਚੜ੍ਹਾ ਕੇ ਦੇਸ਼ ਵਿੱਚ ਵੰਡੀਆਂ ਪਾਉਣੀਆਂ ਕਿਸੇ ਕੀਮਤ 'ਤੇ ਦੇਸ਼ ਅਤੇ ਨਾਗਰਿਕਾਂ ਦੇ ਹੱਕ ਵਿੱਚ ਨਹੀਂ। ਦੇਸ਼ ਦੇ ਇਤਿਹਾਸ ਵਿੱਚ ਨਵੇਂ ਪੰਨੇ ਰੋਜ਼ਾਨਾ ਜੁੜ ਰਹੇ ਹਨ ਜੋ ਸ਼ਾਇਦ ਕਿਸੇ ਵਿਅਕਤੀ ਜਾਂ ਵਰਗ ਵਿਸ਼ੇਸ਼ ਦੇ ਹੱਕ ਵਿੱਚ ਨਾ ਹੋਣ, ਇਸ ਕੁਦਰਤੀ ਮਨੁੱਖੀ ਵਰਤਾਰੇ ਨੂੰ ਰੋਕਿਆ ਨਹੀਂ ਜਾ ਸਕਦਾ। ਬਿਹਤਰ ਹੈ ਕਿ ਬੀਤੇ ਸਮੇਂ ਨੂੰ ਛੱਡ ਅਸੀਂ ਅੱਜ ਅਜਿਹਾ ਇਤਿਹਾਸ ਬਣਾਈਏ ਜਿਸ 'ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਮਾਣ ਮਹਿਸੂਸ ਕਰਨ।