
ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਸਿਹਤ ਵਿਭਾਗ ਲੋਕਾਂ ਦੀ ਸਿਹਤ ਨੂੰ ਲੈ ਕੇ ਕਾਫੀ ਸੁਚੇਤ ਦਿਖਾਈ ਦੇ ਰਿਹਾ ਹੈ। ਜਿਸ ਦੇ ਚੱਲਦੇ ਵਿਭਾਗ ਵੱਲੋਂ ਵੱਖ-ਵੱਖ ਸ਼ਹਿਰਾਂ 'ਚ ਨਕਲੀ ਮਠਿਆਈਆਂ ਜਾਂ ਗੰਦਗੀ ਵਾਲੀ ਜਗ੍ਹਾ 'ਤੇ ਮਠਿਆਈ ਤਿਆਰ ਕਰਨ ਵਾਲੀਆਂ ਫੈਕਟਰੀਆਂ ਦਾ ਪਰਦਾਫਾਸ਼ ਕੀਤਾ ਜਾ ਰਿਹਾ ਹੈ।
ਸਿਹਤ ਵਿਭਾਗ ਵੱਲੋਂ ਇਸੇ ਤਰ੍ਹਾਂ ਦੀ ਹੀ ਫਾਜ਼ਿਲਕਾ ਦੇ ਇਕ ਘਰ 'ਚ ਚਲਾਈ ਜਾ ਰਹੀ ਪੇਠਾ ਫੈਕਟਰੀ 'ਚ ਛਾਪਾ ਮਾਰਿਆ ਗਿਆ। ਜਿੱਥੋਂ ਦੀਆਂ ਤਸਵੀਰਾਂ ਸਾਫ ਬਿਆਨ ਕਰ ਰਹੀਆਂ ਹਨ ਕਿ ਕਿੰਨੀ ਗੰਦਗੀ 'ਚ ਇੱਥੇ ਪੇਠਾ ਤਿਆਰ ਕੀਤਾ ਜਾ ਰਿਹਾ ਹੈ।
ਫਿਲਹਾਲ ਵਿਭਾਗ ਵੱਲੋਂ ਮਠਿਆਈ ਦੇ ਸੈਂਪਲ ਲੈ ਲਏ ਗਏ ਹਨ ਅਤੇ ਰਿਪੋਰਟ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।ਦੂਜੇ ਪਾਸੇ ਮਾਮਲਾ ਉਜਾਗਰ ਹੋਣ ਤੋਂ ਬਾਅਦ ਫੈਕਟਰੀ ਮਾਲਕ ਨੇ ਕਿਹਾ ਕਿ ਉਹ ਅੱਗੇ ਤੋਂ ਸਾਫ-ਸਫਾਈ ਦਾ ਖਾਸ ਧਿਆਨ ਦੇਣਗੇ।
ਸਿਹਤ ਵਿਭਾਗ ਵੱਲੋਂ ਭਾਵੇਂ ਲਗਾਤਾਰ ਛਾਪੇਮਾਰੀ ਕਰਕੇ ਅਜਿਹੇ ਮਠਿਆਈ ਬਣਾਉਣ ਵਾਲਿਆਂ 'ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਪਰ ਬਾਵਜੂਦ ਇਸਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਸਫਾਈ ਦਾ ਖਿਆਲ ਨਾ ਰੱਖਦੇ ਹੋਏ, ਗੰਦਗੀ 'ਚ ਹੀ ਮਠਿਆਈ ਤਿਆਰ ਕਰ ਰਹੇ ਹਨ। ਜਿਨ੍ਹਾਂ ਖਿਲਾਫ ਸਖ਼ਤ ਕਾਰਵਾਈ ਦੀ ਲੋੜ ਹੈ।