
ਨਵੀਂ ਦਿੱਲੀ, 9 ਫ਼ਰਵਰੀ : ਸੀਬੀਆਈ ਜੱਜ ਬ੍ਰਜਗੋਪਾਲ ਹਰਕਿਸ਼ਨ ਲੋਇਆ ਦੀ ਮੌਤ ਦੇ ਮਾਮਲੇ ਦੀ ਨਿਰਪੱਖ ਜਾਂਚ ਲਈ ਵਿਰੋਧੀ ਧਿਰ ਦੇ ਆਗੂਆਂ ਨੇ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ। ਵਿਰੋਧੀ ਧਿਰ ਦੇ ਆਗੂਆਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿਚ ਮੰਗ ਪੱਤਰ ਰਾਸ਼ਟਰਪਤੀ ਨੂੰ ਸੌਂਪਿਆ।ਵਿਰੋਧੀ ਧਿਰ ਦੀ ਮੰਗ ਹੈ ਕਿ ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਦੀ ਅਗਵਾਈ ਵਿਚ ਵਿਸ਼ੇਸ਼ ਜਾਂਚ ਟੀਮ ਕੋਲੋਂ ਕਰਾਈ ਜਾਵੇ। ਰਾਹੁਲ ਗਾਂਧੀ ਨੇ ਕਿਹਾ ਕਿ ਰਾਸ਼ਟਰਪਤੀ ਨੇ ਉਨ੍ਹਾਂ ਦੀਆਂ ਗੱਲਾਂ ਨੂੰ ਗ਼ੌਰ ਨਾਲ ਸੁਣਿਆ ਹੈ ਅਤੇ ਉਨ੍ਹਾਂ ਦਾ ਜਵਾਬ ਤਸੱਲੀਬਖ਼ਸ਼ ਰਿਹਾ ਹੈ। ਇਸ ਦੌਰਾਨ ਅੱਜ ਸੁਪਰੀਮ ਕੋਰਟ ਵਿਚ ਉਸ ਪਟੀਸ਼ਨ 'ਤੇ ਸੁਣਵਾਈ ਹੋਈ ਜਿਸ ਵਿਚ ਲੋਇਆ ਦੀ ਮੌਤ ਦੀ ਜਾਂਚ ਨਿਰਪੱਖ ਏਜੰਸੀ ਕੋਲੋਂ ਕਰਾਉਣ ਦੀ ਮੰਗ ਕੀਤੀ ਗਈ ਹੈ।ਵਫ਼ਦ ਵਿਚ ਸੀਨੀਅਰ ਕਾਂਗਰਸੀ ਆਗੂ ਗ਼ੁਲਾਮ ਨਬੀ ਆਜ਼ਾਦ, ਕਪਿਲ ਸਿੱਬਲ, ਆਨੰਦ ਸ਼ਰਮਾ, ਸੀਪੀਆਈ ਦੇ ਡੀ ਰਾਜਾ, ਆਮ ਆਦਮੀ ਪਾਰਟੀ ਦੇ ਸੰਜੇ ਸਿੰਘ,
ਤ੍ਰਿਣਮੂਲ ਦੇ ਇਦਰੀਸ ਅਲੀ ਅਤੇ ਆਲ ਇੰਡੀਆ ਯੂਨਾਇਟਿਡ ਡੈਮੋਕਰੈਟਿਕ ਫ਼ਰੰਟ ਦੇ ਨੇਤਾ ਬਦਰੂਦੀਨ ਅਮਜਲ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਜੱਜ ਲੋਇਆ ਦੀ ਇਕ ਦਸੰਬਰ 2014 ਨੂੰ ਨਾਗਪੁਰ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ ਜਦ ਉਹ ਅਪਣੇ ਸਹਿਕਰਮੀ ਦੀ ਬੇਟੀ ਦੇ ਵਿਆਹ ਵਿਚ ਉਥੇ ਗਏ ਹੋਏ ਸਨ। ਇਹ ਮਾਮਲਾ ਤਦ ਸਾਹਮਣੇ ਆਇਆ ਜਦ ਉਨ੍ਹਾਂ ਦੀ ਭੈਣ ਨੇ ਅਪਣੇ ਭਰਾ ਦੀ ਮੌਤ 'ਤੇ ਸਵਾਲ ਚੁਕੇ ਸਨ। ਮੀਡੀਆ ਵਿਚ ਜੱਜ ਲੋਇਆ ਦੀ ਮੌਤ ਅਤੇ ਸੋਹਰਾਬੂਦੀਨ ਕੇਸ ਨਾਲ ਉਨ੍ਹਾਂ ਦੇ ਜੁੜੇ ਹੋਣ ਦੀਆਂ ਹਾਲਤਾਂ 'ਤੇ ਸ਼ੱਕ ਪ੍ਰਗਟ ਕੀਤਾ ਗਿਆ ਸੀ। ਇਸ ਕੇਸ ਵਿਚ ਮੌਜੂਦਾ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਬਾਅਦ ਵਿਚ ਬਰੀ ਕਰ ਦਿਤਾ ਗਿਆ ਸੀ। (ਏਜੰਸੀ)