
ਜਗਦੀਪ ਸਿੰਘ ਥਲ਼ੀ-ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਚੱਲੀਆਂ ਤਲਵਾਰਾਂ ਅਤੇ ਗਾਲ਼ੀ ਗਲੋਚ ਹੋਣਾ ਜਿੰਨੀ ਮੰਦਭਾਗੀ ਘਟਨਾ ਹੈ। ਸਿੱਖਾਂ ਲਈ ਓਨੀ ਹੀ ਬੇਸ਼ਰਮੀ ਵਾਲ਼ੀ ਗੱਲ ਵੀ ਹੈ ਕਿਉਂ ਕਿ ਇਕ ਪਾਸੇ ਸਨ, ਸ਼੍ਰੋਮਣੀ ਕਮੇਟੀ ਦੇ ਮੁਲਾਜ਼ਿਮ ਅਤੇ ਟਾਸਕ ਫ਼ੋਰਸ ਤੇ ਦੂਜੇ ਪਾਸੇ ਮੁਤਵਾਜ਼ੀ ਜਥੇਦਾਰਾਂ ਦੇ ਸਮਰਥਕ ਭਾਵ ਦੋਵੇਂ ਪਾਸੇ ਉਹ ਲੋਕਾਂ ਦੇ ਨੁਮਾਇੰਦੇ ਸਨ।
ਜਿਹੜੇ ਬਾਕੀਆਂ ਨੂੰ ਮੱਤ ਦਿੰਦੇ ਹਨ ਅਤੇ ਸਿੱਖੀ ਦਾ ਪ੍ਰਚਾਰ ਕਰਦੇ ਹਨ ਜਿਹਨਾਂ ਲੋਕਾਂ ਕਾਰਨ ਇਹ ਸਭ ਵਾਪਰਿਆ ਉਹਨਾਂ ਤੋਂ ਸਿੱਖੀ ਸਿਧਾਤਾਂ ਦੀ ਗੱਲ ਨੂੰ ਕਿਵੇਂ ਸਵੀਕਾਰਿਆ ਜਾ ਸਕਦਾ ਹੈ। ਖੈਰ ਜੋ ਵੀ ਹੋਇਆ ਬਹੁਤ ਹੀ ਮਾੜਾ ਹੋਇਆ ਇਸ ਬਾਰੇ ਸਖ਼ਤ ਸ਼ਬਦਾਂ 'ਚ ਨਿੰਦਾ ਕਰਨ ਵਾਲ਼ਾ ਬਿਆਨ ਵੀ ਜਥੇਦਾਰ ਸਾਹਿਬ ਕੋਲ਼ ਤਿਆਰ ਹੀ ਹੋਏਗਾ ਜਿਹੜਾ ਜਨਤਕ ਵੀ ਕਰ ਦਿੱਤਾ ਜਾਏਗਾ।
ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਝੜਪ ਦਾ ਅਸਲ ਕਾਰਨ ਕੀ ਸੀ?
ਇਸ ਝੜਪ ਦਾ ਮੁੱਖ ਜ਼ਿੰਮੇਵਾਰ ਮਾਸਟਰ ਜੌਹਰ ਸਿੰਘ ਨੂੰ ਮੰਨਿਆ ਜਾ ਰਿਹਾ ਹੈ।
ਆਓ ਦੱਸਦੇ ਹਾਂ ਕੌਣ ਹੈ ਮਾਸਟਰ ਜੌਹਰ ਸਿੰਘ ਤੇ ਕੀ ਹੈ ਇਸਦਾ ਦੋਸ਼
ਮਾਸਟਰ ਜੌਹਰ ਸਿੰਘ ਗੁਰਦੁਆਰਾ ਛੋਟਾ ਘੱਲੂਘਾਰਾ ਦਾ ਪ੍ਰਧਾਨ ਸੀ ਖੁਦ ਔਰਤ ਦੇ ਮਾਮਲੇ 'ਚ ਜੇਲ੍ਹ ਪੁੱਜੇ। ਸੁੱਚਾ ਸਿੰਘ ਲੰਗਾਹ ਨੇ ਮਾ. ਜੌਹਰ ਸਿੰਘ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਾ. ਜੌਹਰ ਸਿੰਘ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਅੋਰਤ ਨਾਲ਼ ਇਤਰਾਜ਼ਯੋਗ ਹਾਲਤ 'ਚ ਫ਼ੜਿਆ ਗਿਆ ਸੀ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਜੌਹਰ ਸਿੰਘ ਅਤੇ ਉਸਦੇ ਹੋਰ ਫ਼ੜੇ ਗਏ ਸਾਥੀਆਂ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਜੌਹਰ ਸਿੰਂਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਣ ਦਾ ਮੌਕਾ ਦਿੱਤਾ ਗਿਆ।
ਮਾ. ਜੌਹਰ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਅੱਗੇ ਪੇਸ਼ ਹੋਣ ਦੀ ਬਜਾਏ ਮੁਤਵਾਜ਼ੀ ਜਥੇਦਾਰਾਂ ਨੂੰ ਮਿਲਣਾ ਚਾਹੁੰਦੇ ਸੀ।ਇਸੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੀ ਟਾਸਕ ਫ਼ੋਰਸ ਨੇ ਜੌਹਰ ਸਿੰਘ ਨੂੰ ਮੁਤਵਾਜ਼ੀ ਜਥੇਦਾਰਾਂ ਨੂੰ ਮਿਲਣ ਤੋਂ ਰੋਕਿਆ ਅਤੇ ਉਥੇ ਹੀ ਝੜਪ ਹੋ ਗਈ।ਦੋਸ਼ੀ ਦੇ ਅਕਾਲ ਤਖ਼ਤ ਸਾਹਿਬ ਪੇਸ਼ ਹੋਣ ਨੂੰ ਲੈ ਕੇ ਹੁਣ ਸਾਰੀ ਘਟਨਾ ਨੂੰ ਜੇਕਰ ਚੰਗੀ ਤਰਾਂ ਵੇਖੀਏ ਤਾਂ ਸਾਰੇ ਹੀ ਦੋਸ਼ੀ ਨੇ ਜਿਹਨਾਂ ਨੇ ਗੁਰੁ ਘਰ ਦੀ ਹਦੂਦ ਅੰਦਰ ਗਾਲ਼ੀ ਗਲੋਚ ਕੀਤਾ ਅਤੇ ਤਲਵਾਰਾਂ ਚਲਾਈਆਂ।
ਕੀ ਸ਼੍ਰੋਮਣੀ ਕਮੇਟੀ ਦੀ ਟਾਸਕ ਫ਼ੋਰਸ ਨੇ ਇਹ ਕਦਮ ਖ਼ੁਦ ਚੁੱਕਿਆ
ਜੇ ਨਹੀਂ ਤਾਂ ਇਹਨਾਂ ਨੂੰ ਹੁਕਮ ਕਰਨ ਵਾਲ਼ਾ ਸ਼ਖ਼ਸ ਕੌਣ ਸੀ, ਜਿਸਨੇ ਸਾਰੀ ਮਰਿਯਾਦਾ ਭੰਗ ਕੀਤੀ ਅਤੇ ਕੀ ਹੁਣ ਇਸ ਦੋਸ਼ੀ ਨੂੰ ਵੀ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤਲਬ ਕੀਤਾ ਜਾਏਗਾ ਜਾਂ ਫ਼ਿਰ ਸਖ਼ਤ ਸ਼ਬਦਾਂ 'ਚ ਨਿੰਦਾ ਦਾ ਬਿਆਨ ਹੀ ਮਾਮਲਾ ਸ਼ਾਂਤ ਕਰੇਗਾ ਫ਼ੈਸਲਾ ਸ਼੍ਰੋਮਣੀ ਕਮੇਟੀ ਦੇ ਹੱਥ 'ਚ ਹੈ।