
ਸੁਲਤਾਨਪੁਰੀ ਵਿਖੇ ਨਵੰਬਰ 1984 ਦੌਰਾਨ ਹੋਏ ਸਿੱਖਾਂ ਦੇ ਕਤਲੇਆਮ ਸਬੰਧੀ ਮੁਕੱਦਮੇ ਵਿੱਚ ਸ਼ੀਲਾ ਕੌਰ ਨੇ ਪਟਿਆਲਾ ਹਾਊਸ ਅਦਾਲਤ ’ਚ ਕਾਂਗਰਸੀ ਆਗੂ ਸੱਜਣ ਕੁਮਾਰ ਖ਼ਿਲਾਫ਼ ਗਵਾਹੀ ਦਿੱਤੀ।
ਸ਼ੀਲਾ ਕੌਰ ਨੇ ਕਿਹਾ ਕਿ ਸੱਜਣ ਕੁਮਾਰ ਸਿੱਖ ਕਤਲੇਆਮ ਵਿੱਚ ਸ਼ਾਮਲ ਸੀ ਅਤੇ ਉਸ ਦਾ ਨਾਂ ਲੈਣ ’ਤੇ ਉਸ ਦੇ ਬੱਚਿਆਂ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ।
ਸ਼ੀਲਾ ਨੇ ਅਦਾਲਤ ਤੋਂ ਆਪਣੀ ਸੁਰੱਖਿਆ ਦੀ ਮੰਗ ਵੀ ਕੀਤੀ। ਪਟਿਆਲਾ ਹਾਊਸ ਕੋਰਟ ਦੀ ਸੈਸ਼ਨ ਜੱਜ ਪੂਨਮ ਬਾਮਾ ਦੀ ਅਦਾਲਤ ਵਿੱਚ ਸੱਜਣ ਕੁਮਾਰ ਦੇ ਵਕੀਲ ਅਨਿਲ ਵੱਲੋਂ ਜ਼ਿਰਹਾ ਕੀਤੀ ਗਈ।
ਸ਼ੀਲਾ ਕੌਰ ਵੱਲੋਂ ਪੇਸ਼ ਵਕੀਲ ਐਚ. ਐਸ. ਫੂਲਕਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ੀਲਾ ਕੌਰ ਦੇ ਬਿਆਨ ‘ਤੇ ਸੱਜਣ ਕੁਮਾਰ ਦੇ ਵਕੀਲ ਵੱਲੋਂ ਕੀਤੇ ਜਾ ਰਹੇ ਸਵਾਲ-ਜਵਾਬ 7 ਫਰਵਰੀ ਨੂੰ ਵੀ ਜਾਰੀ ਰਹਿਣਗੇ।
ਸੁਲਤਾਨਪੁਰੀ ਵਿੱਚ ਹੋਏ ਸਿੱਖ ਕਤਲੇਆਮ ਬਾਰੇ ਸ਼ੀਲਾ ਨੇ ਦੱਸਿਆ ਕਿ ਸੱਜਣ ਕੁਮਾਰ ਨੇ ਉੱਥੇ ਭੜਕਾਊ ਭਾਸ਼ਣ ਦਿੱਤਾ ਤੇ ਸਿੱਖਾਂ ਨੂੰ ਮਾਰਨ ਦੀਆਂ ਗੱਲਾਂ ਕੀਤੀਆਂ। ਸ਼ੀਲਾ ਦੇ ਪਰਿਵਾਰਕ ਮੈਬਰ ਇਸ ਦੌਰਾਨ ਮਾਰੇ ਗਏ ਸਨ।