
ਸੁਨਾਮ ਊਧਮ ਸਿੰਘ ਵਾਲਾ, 21 ਨਵੰਬਰ (ਦਰਸ਼ਨ ਸਿੰਘ ਚੌਹਾਨ) : ਇਥੋਂ ਦੀ ਰੇਲਵੇ ਰੋਡ 'ਤੇ ਸਥਿਤ ਗੋਬਿੰਦ ਖੱਦਰ ਭੰਡਾਰ ਦੀ ਦੁਕਾਨ ਵਿਚ ਅੱਗ ਲੱਗ ਜਾਣ ਨਾਲ ਲੱਖਾਂ ਰੁਪਏ ਮੁੱਲ ਦਾ ਕਪੜਾ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਸ਼ਹਿਰ ਦੀ ਰੇਲਵੇ ਰੋਡ 'ਤੇ ਸਥਿਤ ਬਾਜ਼ਾਰ ਵਿਚ ਗੋਬਿੰਦ ਖੱਦਰ ਭੰਡਾਰ ਦੀ ਦੁਕਾਨ 'ਤੇ ਲੰਘੀ ਰਾਤ ਕਰੀਬ ਦਸ ਕੁ ਵਜੇ ਅੱਗ ਲੱਗ ਗਈ ਜਿਸ ਕਾਰਨ ਦੁਕਾਨ ਵਿਚ ਪਿਆ ਲੱਖਾਂ ਰੁਪਏ ਦਾ ਕਪੜਾ ਸੜ ਕੇ ਸੁਆਹ ਹੋ ਗਿਆ। ਦੁਕਾਨ ਵਿਚ ਅੱਗ ਲੱਗਣ ਦਾ ਪਤਾ ਲਗਦਿਆਂ ਹੀ ਸ਼ਹਿਰ ਵਾਸੀਆਂ ਨੇ ਇਕੱਠੇ ਹੋ ਕੇ ਅੱਗ 'ਤੇ ਕਾਬੂ ਪਾਉਣ ਦਾ ਯਤਨ ਕੀਤਾ ਪਰ ਅੱਗ ਦੀਆਂ ਲਪਟਾਂ ਤੇਜ਼ ਹੁੰਦੀਆਂ ਗਈਆਂ। ਦੁਕਾਨ ਦਾ ਮਾਲਕ ਨੇੜਲੇ ਸ਼ਹਿਰ ਸੰਗਰੂਰ ਦਾ ਵਸ਼ਿੰਦਾ ਹੋਣ ਕਾਰਨ ਬਾਜ਼ਾਰ ਦੇ ਲੋਕਾਂ ਨੇ ਹੀ ਅੱਗ ਬੁਝਾਊ ਅਮਲੇ ਅਤੇ ਮੁਕਾਮੀ ਪੁਲਿਸ ਨੂੰ ਇਤਲਾਹ ਦਿਤੀ। ਦੁਕਾਨਦਾਰ ਗੋਬਿੰਦ ਲਾਲ ਨੇ ਦਸਿਆ ਕਿ ਜਦੋਂ ਤਕ ਅੱਗ ਬੁਝਾਊ ਗੱਡੀ ਸੰਗਰੂਰ ਤੋਂ ਆਈ ਉਸ ਸਮੇਂ ਤਕ ਦੁਕਾਨ ਵਿਚ ਪਿਆ ਕੀਮਤੀ ਮੁੱਲ ਦਾ ਕਪੜਾ 70 ਫ਼ੀ ਸਦੀ ਸੜ ਕੇ ਸੁਆਹ ਹੋ ਚੁੱਕਾ ਸੀ।
ਪੀੜਤ ਦੁਕਾਨਦਾਰ ਨੇ ਦਸਿਆ ਕਿ ਉਨ੍ਹਾਂ ਦੁਕਾਨ ਵਿਚ ਅੱਗ ਲੱਗਣ ਦੀ ਜਾਣਕਾਰੀ ਲੋਕਾਂ ਨੇ ਹੀ ਫ਼ੋਨ 'ਤੇ ਦਿਤੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਅੱਗ ਬੁਝਾਊ ਗੱਡੀ ਸ਼ਹਿਰ ਅੰਦਰ ਹੁੰਦੀ ਤਾਂ ਮੇਰਾ ਇੰਨਾ ਮਾਲੀ ਨੁਕਸਾਨ ਨਹੀਂ ਹੋਣਾ ਸੀ। ਦੁਕਾਨ ਮਾਲਕ ਗੋਬਿੰਦ ਲਾਲ ਨੇ ਦੁਕਾਨ ਵਿਚ ਅੱਗ ਲੱਗਣ 'ਤੇ ਸ਼ੱਕ ਜ਼ਾਹਰ ਕਰਦਿਆਂ ਕਿਹਾ ਕਿ ਘਟਨਾ ਨੂੰ ਅੰਜਾਮ ਕਿਸੇ ਸ਼ਰਾਰਤੀ ਵਲੋਂ ਦਿਤਾ ਗਿਆ ਹੋ ਸਕਦਾ ਹੈ। ਮੌਕੇ 'ਤੇ ਪੁੱਜੇ ਪਾਵਰਕਾਮ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਦੁਕਾਨ ਵਿਚ ਅੱਗ ਬਿਜਲੀ ਦੇ ਸ਼ਾਰਟ ਸਰਕਟ ਨਾਲ ਨਹੀਂ ਲੱਗੀ। ਸ਼ਹਿਰ ਅੰਦਰ ਕਪੜੇ ਦੀ ਦੁਕਾਨ ਨੂੰ ਅੱਗ ਲੱਗਣ ਦੀ ਵਾਪਰੀ ਘਟਨਾ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਚੇਅਰਮੈਨ ਸੰਦੀਪ ਜੈਨ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਵਲੋਂ ਪੰਜ ਮਹੀਨੇ ਪਹਿਲਾਂ ਸਥਾਨਕ ਨਗਰ ਕੌਂਸਲ ਨੂੰ ਭੇਜੀ ਅੱਗ ਬੁਝਾਊ ਗੱਡੀ ਡਰਾਈਵਰ ਸਮੇਤ ਹੋਰ ਅਮਲਾ ਨਾ ਹੋਣ ਕਾਰਨ ਚਿੱਟਾ ਹਾਥੀ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਹਾਲ ਦੀ ਘੜੀ ਕੌਂਸਲ ਨੂੰ ਭੇਜੀ ਅੱਗ ਬੁਝਾਊ ਗੱਡੀ ਦਾ ਕੰਟਰੋਲ ਸੂਬੇ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਕੋਲ ਹੈ।