
ਚੰਡੀਗੜ੍ਹ, 5 ਦਸੰਬਰ, (ਨੀਲ ਭਲਿੰਦਰ ਸਿੰਘ) : ਅਪਣੀਆਂ ਚੇਲੀਆਂ ਨਾਲ ਬਲਾਤਕਾਰ ਕਰਨ ਵਾਲਾ ਸੌਦਾ ਸਾਧ ਡੇਰੇ ਵਿਚ ਲੋਕਾਂ ਨੂੰ ਖ਼ੁਦਕੁਸ਼ੀ ਕਰਨ ਲਈ ਵੀ ਮਜਬੂਰ ਕਰਦਾ ਸੀ। ਇਹ ਦੋਸ਼ ਹਾਈ ਕੋਰਟ ਵਿਚ ਦਾਖ਼ਲ ਪਟੀਸ਼ਨ ਵਿਚ ਲਾਏ ਗਏ ਹਨ ਅਤੇ ਮਾਮਲੇ ਦੀ ਸੀਬੀਆਈ ਜਾਂਚ ਮੰਗੀ ਗਈ ਹੈ। ਪਟੀਸ਼ਨ 'ਤੇ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰਾਜ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। ਦੋਸ਼ ਲਾਇਆ ਗਿਆ ਹੈ ਕਿ ਰਾਮ ਰਹੀਮ ਨੇ ਡੇਰੇ ਵਿਚ ਕਈ ਲੋਕਾਂ ਨੂੰ ਆਤਮ ਹਤਿਆ ਕਰਨ ਲਈ ਮਜਬੂਰ ਕੀਤਾ ਸੀ। ਹਾਈ ਕੋਰਟ ਨੇ ਸਾਲ 2015 ਵਿਚ ਡੇਰੇ ਵਿਚ ਮਿਲਿਟਰੀ ਟ੍ਰੇਨਿੰਗ ਦੇ ਮਾਮਲੇ ਵਿਚ ਵੀ ਸਵੈ-ਨੋਟਿਸ ਲਿਆ ਸੀ । ਉਸ ਮਾਮਲੇ ਵਿਚ ਡੇਰੇ ਦੇ ਸਾਬਕਾ ਪ੍ਰੇਮੀ ਰਾਮ ਕੁਮਾਰ ਬਿਸ਼ਨੋਈ ਨੇ ਸਾਲ 2015 ਵਿਚ ਪਟੀਸ਼ਨ ਦਾਖ਼ਲ ਕਰ ਕੇ ਡੇਰੇ ਵਿਚ ਰਾਮ ਰਹੀਮ ਦੇ ਦਬਾਅ ਹੇਠ ਕਈ ਲੋਕਾਂ ਵਲੋਂ ਆਤਮ ਹਤਿਆ ਕੀਤੇ ਜਾਣ ਦੇ ਦੋਸ਼ ਲਾਏ ਸਨ।
ਡੇਰੇ ਦੇ ਹੋਸਟਲ 'ਚ ਇਕ ਵਿਦਿਆਰਥਣ ਦੀ ਆਤਮਹਤਿਆ ਦਾ ਮਾਮਲਾ ਵੀ ਸ਼ਾਮਲ ਹੈ। ਅਰਜ਼ੀ ਵਿਚ ਕਿਹਾ ਗਿਆ ਹੈ ਕਿ ਆਤਮਹਤਿਆ ਦਾ ਕਾਰਨ ਇਹ
ਦਸਿਆ ਗਿਆ ਸੀ ਕਿ ਇਹ ਲੋਕ ਸੌਦਾ ਸਾਧ ਨੂੰ ਵਾਰ - ਵਾਰ ਅਦਾਲਤ ਵਿਚ ਪੇਸ਼ ਹੋਣ ਲਈ ਕਹੇ ਜਾਣ ਤੋਂ ਪ੍ਰੇਸ਼ਾਨ ਸਨ। ਅੱਜ ਹਾਈ ਕੋਰਟ ਦੇ ਚੀਫ਼ ਜਸਟਿਸ 'ਤੇ ਆਧਾਰਤ ਬੈਂਚ ਨੇ ਅਰਜ਼ੀ 'ਤੇ ਸੁਣਵਾਈ ਕੀਤੀ। ਇਕ ਹੋਰ ਸਾਧ ਰਾਮਪਾਲ ਦੇ ਮਾਮਲੇ ਵਿਚ ਡੇਰੇ ਵਿਚ ਮਿਲਿਟਰੀ ਟ੍ਰੇਨਿੰਗ ਕੈਂਪ ਲਾਉਣ 'ਤੇ ਹਾਈ ਕੋਰਟ ਨੇ ਸਵੈ ਨੋਟਿਸ ਲੈਂਦਿਆਂ ਸੁਣਵਾਈ ਸ਼ੁਰੂ ਕੀਤੀ ਸੀ। ਸੁਣਵਾਈ ਦੌਰਾਨ ਰਾਮ ਕੁਮਾਰ ਬਿਸ਼ਨੋਈ ਨੇ ਅਰਜ਼ੀ ਦਾਖ਼ਲ ਕੀਤੀ ਸੀ ਅਤੇ ਕਿਹਾ ਸੀ ਕਿ ਡੇਰੇ ਵਿਚ ਕਈ ਆਤਮਹਤਿਆਵਾਂ ਹੋਈਆਂ ਹਨ। ਉਸ ਸਮੇਂ ਹਾਈ ਕੋਰਟ ਨੇ ਮੁੱਖ ਕੇਸ ਦਾ ਨਿਬੇੜਾ ਤਾਂ ਕਰ ਦਿਤਾ ਸੀ ਪਰ ਇਸ ਅਰਜ਼ੀ ਦਾ ਨਿਬੇੜਾ ਨਹੀਂ ਕੀਤਾ ਗਿਆ ਸੀ। ਹੁਣ ਜੋਸ਼ੀ ਨੇ ਫਿਰ ਅਰਜ਼ੀ ਦਾਖ਼ਲ ਕੀਤੀ ਹੈ ।