
ਦੇਸ਼ ਦੇ ਤਿੰਨ ਮੁੱਖ ਬੈਂਕਾਂ ਨੇ ਆਪਣੇ ਕਰੋੜਾਂ ਗਾਹਕਾਂ ਨੂੰ ਦੀਵਾਲੀ ਦਾ ਗਿਫਟ ਦੇ ਦਿੱਤਾ ਹੈ। ਸਟੇਟ ਬੈਂਕ ਆਫ ਇੰਡੀਆ, ਬੈਂਕ ਆਫ ਬੜੌਦਾ ਅਤੇ ਆਂਧਰਾ ਬੈਂਕ ਨੇ ਬੇਸ ਰੇਟ ਵਿੱਚ ਕਟੌਤੀ ਕਰਨ ਦੀ ਘੋਸ਼ਣਾ ਕੀਤੀ ਹੈ। ਜਿਸ ਨਾਲ ਤੁਹਾਡੇ ਲੋਨ ਦੀ ਕਿਸ਼ਤ ਘੱਟ ਹੋ ਜਾਵੇਗੀ। ਭਾਰਤੀ ਸਟੇਟ ਬੈਂਕ ਨੇ ਬੇਸ ਰੇਟ 9 ਫੀਸਦੀ ਤੋਂ ਘਟਾ ਕੇ 8.95 ਫੀਸਦੀ ਕਰ ਦਿੱਤਾ ਹੈ।
ਇਹ 1 ਅਕਤੂਬਰ ਤੋਂ ਲਾਗੂ ਹੋਵੇਗਾ।ਇਸ ਤੋਂ ਪਹਿਲਾਂ ਆਂਧਰਾ ਬੈਂਕ ਅਤੇ ਬੈਂਕ ਆਫ ਬੜੌਦਾ ਨੇ ਵੀਰਵਾਰ ਨੂੰ ਆਪਣੇ ਬੇਸ ਰੇਟ 'ਚ ਵੱਡੀ ਕਟੌਤੀ ਕੀਤੀ ਹੈ। ਆਂਧਰਾ ਬੈਂਕ ਨੇ ਆਪਣਾ ਬੇਸ ਰੇਟ 9.70 ਫੀਸਦੀ ਤੋਂ ਘਟਾ ਕੇ 9.55 ਫੀਸਦੀ ਅਤੇ ਬੈਂਕ ਆਫ ਬੜੌਦਾ ਨੇ 9.50 ਫੀਸਦੀ ਤੋਂ ਘਟਾ ਕੇ 9.15 ਫੀਸਦੀ ਕਰ ਦਿੱਤਾ ਹੈ।
ਇਹ ਇਕ ਅਕਤੂਬਰ ਤੋਂ ਲਾਗੂ ਹੋਣਗੇ। ਬੈਂਕਾਂ ਦਾ ਇਹ ਫੈਸਲਾ ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਦੇ ਐਲਾਨ ਤੋਂ ਪਹਿਲਾਂ ਆਇਆ ਹੈ।ਬੈਂਕਾਂ ਦੇ ਇਸ ਕਦਮ ਦਾ ਫਾਇਦਾ ਉਨ੍ਹਾਂ ਕਰਜ਼ਦਾਰਾਂ ਨੂੰ ਹੋਵੇਗਾ ਜਿਨ੍ਹਾਂ ਨੇ ਬੇਸ ਰੇਟ 'ਤੇ 1 ਅਪ੍ਰੈਲ 2016 ਤੋਂ ਪਹਿਲਾਂ ਆਪਣੇ ਘਰ, ਪੜ੍ਹਾਈ ਜਾਂ ਫਿਰ ਕਾਰ ਲਈ ਕਰਜ਼ਾ ਲਿਆ ਹੋਇਆ ਹੈ।
ਇਨ੍ਹਾਂ ਪ੍ਰਮੁੱਖ ਬੈਂਕਾਂ ਨੇ ਆਪਣੇ ਬੇਸ ਰੇਟ 'ਚ ਕਟੌਤੀ ਕੀਤੀ ਹੈ ਨਾ ਕਿ ਐੱਮ. ਸੀ. ਐੱਲ. ਆਰ. ਰੇਟ 'ਚ। ਐੱਮ. ਸੀ. ਐੱਲ. ਆਰ. ਰੇਟ ਅਪ੍ਰੈਲ 2016 ਤੋਂ ਕਰਜ਼ਾ ਲੈਣ ਵਾਲਿਆਂ 'ਤੇ ਲਾਗੂ ਹੈ, ਜਦੋਂ ਕਿ ਬੇਸ ਰੇਟ ਇਸ ਤੋਂ ਪਹਿਲਾਂ ਚੱਲ ਰਹੇ ਲੋਨ 'ਤੇ ਲਾਗੂ ਹੁੰਦਾ ਹੈ।