
ਨਵੀਂ ਦਿੱਲੀ, 12 ਜਨਵਰੀ: ਫ਼ੇਸਬੁੱਕ ਅਪਣੇ ਪ੍ਰਯੋਗ ਕਰਨ ਵਾਲਿਆਂ ਦੇ ਸੋਸ਼ਲ ਮੀਡੀਆ ਉਤੇ ਬਿਤਾਏ ਸਮੇਂ ਨੂੰ ਜ਼ਿਆਦਾ ਅਰਥਪੂਰਨ ਬਣਾਉਣ ਲਈ ਉਨ੍ਹਾਂ ਨੂੰ ਵਿਖਾਉਣ ਵਾਲੇ ਪੋਸਟਾਂ ਬਾਬਤ ਤਬਦੀਲੀ ਕਰ ਰਹੀ ਹੈ। ਇਸ ਤਬਦੀਲੀ ਨਾਲ ਅਪਣੀ ਸਮੱਗਰੀ ਫ਼ੇਸਬੁੱਕ ਜ਼ਰੀਏ ਸਾਂਝੀ ਕਰਨ ਵਾਲੀਆਂ ਅਖ਼ਬਾਰਾਂ ਏਜੰਸੀਆਂ ਅਤੇ ਕੰਪਨੀਆਂ ਨੂੰ ਕਾਰੋਬਾਰੀ ਨੁਕਸਾਨ ਹੋ ਸਕਦਾ ਹੈ।ਫ਼ੇਸਬੁੱਕ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਮਾਰਕ ਜ਼ੁਕਰਬਰਗ ਨੇ ਕਲ ਇਕ ਪੋਸਟ 'ਚ ਕਿਹਾ ਕਿ ਇਹ ਤਬਦੀਲੀ ਲੋਕਾਂ ਨੂੰ ਕਰੀਬੀ ਲੋਕਾਂ ਨਾਲ ਜੋੜਨ ਲਈ ਅਤੇ ਤਣਾਅ ਤੇ ਇਕੱਲੇਪਨ ਤੋਂ ਬਚਾਉਣ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਲਿਖਿਆ, ''ਖੋਜ ਤੋਂ ਪਤਾ ਲਗਦਾ ਹੈ ਕਿ ਜਦੋਂ ਅਸੀ ਸੋਸ਼ਲ ਮੀਡੀਆ ਦਾ ਪ੍ਰਯੋਗ ਕਰੀਬੀ ਲੋਕਾਂ ਨਾਲ ਜੁੜਨ ਲਈ ਕਰਦੇ ਹਾਂ ਤਾਂ ਇਹ ਸਾਡੇ ਲਈ ਚੰਗਾ ਹੁੰਦਾ ਹੈ।''
ਉਨ੍ਹਾਂ ਅੱਗੇ ਕਿਹਾ, ''ਇਸ ਤੋਂ ਇਲਾਵਾ ਲੇਖ ਪੜ੍ਹਨਾ ਜਾਂ ਵੀਡੀਉ ਵੇਖਣਾ ਉਨ੍ਹਾਂ ਦੇ ਮਨੋਰੰਜਕ ਅਤੇ ਗਿਆਨ ਵਧਾਉਣ ਵਾਲਾ ਹੋਣ ਤੋਂ ਬਾਅਦ ਵੀ ਓਨਾ ਚੰਗਾ ਨਹੀਂ ਹੋ ਸਕਦਾ।'' ਕੰਪਨੀ ਨੇ ਕਿਹਾ ਕਿ ਇਸ ਤਬਦੀਲੀ ਨਾਲ ਬ੍ਰਾਂਡਾਂ, ਪੇਜਾਂ ਅਤੇ ਮੀਡੀਆ ਕੰਪਨੀਆਂ ਦੇ ਘੱਟ ਪੋਸਟ ਨਿਊਜ਼ ਫ਼ੀਡ 'ਚ ਦਿਸਣਗੇ ਅਤੇ ਲੋਕਾਂ ਦੇ ਪੋਸਟ ਜ਼ਿਆਦਾ ਦਿਸਣ ਲੱਗਣਗੇ। ਨਿਊਜ਼ਫ਼ੀਡ 'ਚ ਵੀਡੀਉ ਵੀ ਘੱਟ ਦਿਸਣਗੇ। ਇਸ ਨਾਲ ਲੋਕ ਫ਼ੇਸਬੁੱਕ 'ਤੇ ਘੱਟ ਸਮਾਂ ਬਤੀਤ ਕਰਨਗੇ। ਉਨ੍ਹਾਂ ਕਿਹਾ ਕਿ ਇਹ ਕਦਮ ਉਨ੍ਹਾਂ ਪੋਸਟਾਂ ਨੂੰ ਪਹਿਲ ਦੇਣਾ ਹੈ ਜਿਨ੍ਹਾਂ ਨੂੰ ਫ਼ੇਸਬੁੱਕ ਅਰਥਪੂਰਨ ਮੰਨਦਾ ਹੈ। (ਪੀਟੀਆਈ)