
ਲੁਧਿਆਣਾ : ਸੀ.ਐੱਮ.ਸੀ. (ਕ੍ਰਿਸ਼ਚੀਅਨ ਮੈਡੀਕਲ ਕਾਲਜ) ਵਿਚ ਫਾਈਨਲ ਯੀਅਰ ਦੀ ਪੜ੍ਹਾਈ ਕਰ ਰਹੇ ਐੱਮ. ਬੀ. ਬੀ. ਐੱਸ. ਦੇ ਇਕ 21 ਸਾਲਾ ਵਿਦਿਆਰਥੀ ਨੇ ਸ਼ੱਕੀ ਹਾਲਾਤ ਵਿਚ ਪੱਖੇ ਨਾਲ ਚਾਦਰ ਸਹਾਰੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਵਿਦਿਆਰਥੀ ਨੇ ਆਪਣੇ ਕਮਰੇ ਦੀ ਕੰਧ 'ਤੇ ਲਿਖ ਕੇ ਮਾਂ-ਬਾਪ ਅਤੇ ਭਰਾ ਤੋਂ ਅਜਿਹਾ ਕਰਨ ਲਈ ਮੁਆਫੀ ਮੰਗੀ ਅਤੇ ਖੁਦ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ। ਪਤਾ ਲੱਗਦੇ ਹੀ ਏ. ਡੀ. ਸੀ. ਪੀ. ਸੰਦੀਪ ਗਰਗ, ਏ. ਸੀ. ਪੀ. ਮਲਦੀਪ ਸਿੰਘ ਅਤੇ ਥਾਣਾ ਡਵੀਜ਼ਨ ਨੰ. 3 ਦੇ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਘਟਨਾ ਵਾਲੀ ਜਗ੍ਹਾ 'ਤੇ ਪੁੱਜੇ।
ਮ੍ਰਿਤਕ ਦੀ ਪਛਾਣ ਕੇਰਲਾ ਦੇ ਰਹਿਣ ਵਾਲੇ ਜੋਏਲ ਜੌਸਫ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ ਇੰਸ. ਜਸਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ 'ਚ ਦੇਖਿਆ ਗਿਆ ਹੈ ਕਿ ਜੋਏਲ ਡਾਕਟਰ ਬਣਨ ਦੀ ਤਿਆਰੀ ਕਰ ਰਿਹਾ ਸੀ ਅਤੇ ਪੜ੍ਹਨ ਵਿਚ ਕਾਫੀ ਹੁਸ਼ਿਆਰ ਸੀ। ਉਹ ਰੋਜ਼ ਹੋਸਟਲ ਦੇ ਰੂਮ ਨੰਬਰ 28 ਵਿਚ ਰਹਿੰਦਾ ਸੀ। ਅੱਜ ਉਹ ਲੈਕਚਰ ਅਟੈਂਡ ਕਰਨ ਲਈ ਕਾਲਜ ਨਹੀਂ ਗਿਆ ਸੀ। ਸ਼ਾਮ ਲਗਭਗ 6 ਵਜੇ ਉਸ ਦੇ ਦੋਸਤਾਂ ਨੇ ਵਾਪਸ ਆ ਕੇ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਜੋਏਲ ਨੇ ਅੰਦਰੋਂ ਦਰਵਾਜ਼ਾ ਨਹੀਂ ਖੋਲ੍ਹਿਆ।
ਕਈ ਵਾਰ ਫੋਨ ਕਰਨ ਦੇ ਬਾਵਜੂਦ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਦੋਸਤਾਂ ਨੇ ਘਬਰਾ ਕੇ ਦਰਵਾਜ਼ਾ ਤੋੜ ਦਿੱਤਾ ਅਤੇ ਦੇਖਿਆ ਕਿ ਜੋਏਲ ਦੀ ਲਾਸ਼ ਪੱਖੇ ਨਾਲ ਝੂਲ ਰਹੀ ਸੀ। ਨਵੇਂ ਸਾਲ ਕਾਰਨ 8 ਜਨਵਰੀ ਤੱਕ ਕਾਲਜ 'ਚ ਛੁੱਟੀਆਂ ਸਨ ਅਤੇ ਜੋਏਲ ਵੀ 10 ਦਿਨ ਪਹਿਲਾਂ ਹੀ ਵਾਪਸ ਆਇਆ ਸੀ। ਮ੍ਰਿਤਕ ਦੇ ਮਾਂ-ਬਾਪ ਦੋਨੋਂ ਡਾਕਟਰ ਹਨ ਅਤੇ ਸਾਰਾ ਪਰਿਵਾਰ ਵਿਦੇਸ਼ ਕੁਵੈਤ ਵਿਚ ਰਹਿੰਦਾ ਹੈ।
ਪੁਲਸ ਕੇਸ ਦੀ ਜਾਂਚ ਕਰ ਰਹੀ ਹੈ ਤਾਂ ਕਿ ਮੌਤ ਦਾ ਕਾਰਨ ਪਤਾ ਲੱਗ ਸਕੇ। ਖੁਦਕੁਸ਼ੀ ਦਾ ਪਤਾ ਲੱਗਦੇ ਹੀ ਪੂਰੇ ਹਸਪਤਾਲ ਦੇ ਸਟਾਫ ਅਤੇ ਵਿਦਿਆਰਥੀਆਂ 'ਚ ਸੋਗ ਛਾ ਗਿਆ। ਸੀ. ਐੱਮ. ਸੀ. ਹਸਪਤਾਲ ਦੇ ਮੈਡੀਕਲ ਸੁਪਰਡੈਂਟ ਵਿਲੀਅਮ ਭੱਟੀ ਨੇ ਦੱਸਿਆ ਕਿ ਜੌਸਫ ਇਕ ਹੋਣਹਾਰ ਵਿਦਿਆਰਥੀ ਸੀ। ਸ਼ਾਮ ਲਗਭਗ 6.15 ਵਜੇ ਰੋਜ਼ ਹੋਸਟਲ ਦੇ ਵਿਦਿਆਰਥੀ ਜੋਏਲ ਨੂੰ ਲੈ ਕੇ ਐਮਰਜੈਂਸੀ 'ਚ ਪੁੱਜੇ। ਜਿੱਥੇ ਡਾਕਟਰਾਂ ਨੇ ਜੋਏਲ ਨੂੰ ਮ੍ਰਿਤਕ ਐਲਾਨ ਦਿੱਤਾ।