
ਰੂਪਨਗਰ ਦੇ ਨਹਿਰੂ ਸਟੇਡੀਅਮ ਵਿਖੇ 20 ਸਤੰਬਰ ਤੱਕ ਚੱਲਣ ਵਾਲੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦਾ ਆਗਾਜ ਕੀਤਾ ਗਿਆ। ਜਿਸ ਵਿਚ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਗੁਰਨੀਤ ਤੇਜ ਬਤੌਰ ਮੁਖ ਮਹਿਮਾਨ ਸ਼ਾਮਿਲ ਹੋਏ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਬੱਡੀ ਦੇ ਨੂਰਪੁਰਬੇਦੀ-ਸ਼੍ਰੀ ਆਨੰਦਪੁਰ ਸਾਹਿਬ ਬਲਾਕ ਦੇ ਖਿਡਾਰੀਆਂ ਨਾਲ ਜਾਣ-ਪਛਾਣ ਵੀ ਕੀਤੀ। ਇਸ ਮੌਕੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀਮਤੀ ਤੇਜ ਨੇ ਕਿਹਾ ਕਿ ਇਹ ਖੇਡ ਸਮਾਗਮ ਏਅਰ ਮਾਰਸ਼ਲ ਅਰਜਨ ਸਿੰਘ ਦੀ ਯਾਦ ਨੂੰ ਸਮਰਪਿਤ ਹੈ।
ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗਲ ਹੈ ਕਿ ਇਸ ਸੂਬੇ ਦੇ ਇਹ ਦਿੱਗਜ ਵਿਅਕਤੀ ਐਨੇਂ ਉਚੇ ਸਥਾਨ ਤੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਦੌਰਾਨ ਹਰ ਖਿਡਾਰੀ ਨੂੰ ਟੀਮ ਭਾਵਨਾਂ ਨਾਲ ਖੇਡਦੇ ਹੋਏ ਅਨੁਸ਼ਾਸਨ ਵਿਚ ਰਹਿੰਦੇ ਹੋਏ ਜਿੱਤ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸ਼੍ਰੀਮਤੀ ਤੇਜ ਨੇ ਇਹ ਵੀ ਉਮੀਦ ਕੀਤੀ ਕਿ ਵੱਖ-ਵੱਖ ਬਲਾਕਾਂ ਤੋਂ ਇੱਥੇ ਖੇਡਣ ਆਏ ਖਿਡਾਰੀ ਚੰਗੀਆਂ ਯਾਦਾਂ ਲੈ ਕੇ ਵਾਪਿਸ ਜਾਣਗੇ ਕਿ ਉਨ੍ਹਾਂ ਨੂੰ ਆਪਣੇ ਸਹਿਪਾਠੀਆਂ ਨਾਲ ਇੰਨ੍ਹਾਂ ਖੇਡ ਮੁਕਾਬਲਿਆਂ ਵਿੱਚ ਹਿੱਸਾ ਲਿਆ ਸੀ।
ਉਨ੍ਹਾਂ ਇਹ ਵੀ ਉਮੀਦ ਜਤਾਈ ਕਿ ਹਰ ਖਿਡਾਰੀ ਚੰਗੀ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਜਿੱਤ ਪ੍ਰਾਪਤ ਕਰੇਗਾ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸ਼੍ਰੀ ਦਿਨੇਸ਼ ਕੁਮਾਰ ਨੇ ਦੱਸਿਆ ਕਿ ਇੰਨ੍ਹਾਂ ਖੇਡਾਂ ਵਿਚ ਰੂਪਨਗਰ ਜ਼ਿਲ੍ਹੇ ਦੇ 8 ਸਿੱਖਿਆ ਬਲਾਕਾਂ ਦੇ 550 ਬੱਚੇ ਹਿਸਾ ਲੈ ਰਹੇ ਹਨ।
ਇਸ ਦੌਰਾਨ ਫੁਟਬਾਲ(ਲੜਕੇ), ਕਬੱਡੀ ਰਾਸ਼ਟਰੀ ਸਟਾਈਲ (ਲੜਕੇ ਤੇ ਲੜਕੀਆਂ),ਅਥਲੈਟਿਕਸ, ਖੋ -ਖੋ (ਲੜਕੇ ਤੇ ਲੜਕੀਆਂ), ਸਕੇਅ ਮਾਰਸ਼ਲ ਅਤੇ ਰੱਸਾ ਟੱਪਣ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਸ਼੍ਰੀ ਵਰਿੰਦਰ ਸ਼ਰਮਾ ਉਪ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ), ਸ਼੍ਰੀ ਸੁਰਜੀਤ ਸਿੰਘ ਸੰਧੂ ਜ਼ਿਲ੍ਹਾ ਖੇਡ ਅਫਸਰ, ਸ਼੍ਰੀਮਤੀ ਜਤਿੰਦਰ ਕੌਰ ਸਹਾਇਕ ਸਿਖਿਆ ਅਫਸਰ , ਸ਼੍ਰੀ ਸਤਨਾਮ ਸਿੰਘ , ਸ਼੍ਰੀਮਤੀ ਹਰਮਿੰਦਰ ਆਦਿ ਕੌਰ ਹਾਜ਼ਰ ਸਨ।