
ਚੰਡੀਗੜ੍ਹ, 5 ਅਕਤੂਬਰ (ਨੀਲ ਭਲਿੰਦਰ ਸਿੰਘ): ਸੌਦਾ ਸਾਧ ਵਿਰੁਧ ਦੋ ਵੱਖ ਵੱਖ ਹਤਿਆ ਕੇਸਾਂ ਦੇ ਪ੍ਰਮੁੱਖ ਗਵਾਹ ਅਤੇ ਸਾਧ ਦੇ ਪੁਰਾਣੇ ਡਰਾਈਵਰ ਖੱਟਾ ਸਿੰਘ (58) ਨੇ ਅਪਣੇ ਪਹਿਲੇ ਬਿਆਨਾਂ ਵਾਲਾ ਹਲਫ਼ਨਾਮਾ ਹਾਈ ਕੋਰਟ ਵਿਚ ਦਾਇਰ ਕਰ ਦਿਤਾ ਹੈ। ਦਸਣਯੋਗ ਹੈ ਕਿ ਬਕੌਲ ਖੱਟਾ ਸਿੰਘ ਡੇਰੇ ਵਲੋਂ ਅਪਣੀ ਜਾਨ ਨੂੰ ਖ਼ਤਰਾ ਭਾਂਪਦੇ ਹੋਏ ਸਾਲ 2012 ਵਿਚ ਉਹ ਅਪਣੇ ਪਹਿਲੇ ਬਿਆਨਾਂ ਤੋਂ ਮੁਕਰ ਗਿਆ ਸੀ, ਪਰ ਹੁਣ ਉਹ ਅਪਣੇ ਮੁਢਲੇ ਬਿਆਨਾਂ 'ਤੇ ਹੀ ਕਾਇਮ ਰਹਿੰਦਾ ਹੋਇਆ ਇਨ੍ਹਾਂ ਨੂੰ ਮੁੜ ਦਰਜ ਕਰਵਾਉਣਾ ਚਾਹੁੰਦਾ ਹੈ। ਭਾਵੇਂ ਪੰਚਕੂਲਾ ਸੀਬੀਆਈ ਅਦਾਲਤ ਪਿਛਲੇ ਹਫ਼ਤੇ ਹੀ ਖੱਟਾ ਸਿੰਘ ਦੀ ਸਬੰਧਤ ਅਰਜ਼ੀ ਰੱਦ ਕਰ ਚੁਕੀ ਹੈ, ਪਰ ਖੱਟਾ ਸਿੰਘ ਨੇ ਹਾਈ ਕੋਰਟ ਵਿਚ ਦਾਇਰ ਕੀਤੇ ਹਲਫ਼ਨਾਮੇ ਵਿਚ ਦਾਅਵਾ ਕੀਤਾ ਹੈ ਕਿ ਅਪਣੇ ਬਿਆਨ ਮੁੜ ਦਰਜ ਕਰਵਾਉਣ ਦੀ ਮੰਗ ਉਹ ਇਹ ਹਤਿਆ ਕੇਸ ਲਮਕਾਉਣ ਦੇ ਮਨਸ਼ੇ ਨਾਲ ਨਹੀਂ, ਸਗੋਂ ਡੇਰਾ ਮੁਖੀ ਅਤੇ ਉਥੇ ਵਾਪਰਦੀਆਂ ਘਟਨਾਵਾਂ ਦਾ ਸੱਚ ਲੋਕਾਂ ਸਾਹਮਣੇ ਲਿਆਉਣ ਹਿਤ ਕਰ ਰਿਹਾ ਹੈ।
ਅਪਣੇ ਇਸ ਹਲਫ਼ਨਾਮੇ ਵਿਚ ਖੱਟਾ ਸਿੰਘ ਨੇ ਅਪਣਾ ਮੁਢਲਾ ਬਿਆਨ ਵਿਸਥਾਰ ਸਹਿਤ ਹਾਈ ਕੋਰਟ ਦੇ ਧਿਆਨ ਗੋਚਰੇ ਕੀਤਾ ਹੈ ਜਿਸ ਮੁਤਾਬਕ ਮਈ 2002 ਵਿਚ ਸਾਧਵੀਆਂ ਦੀ ਅਨਾਮ ਚਿੱਠੀ ਸਾਹਮਣੇ ਆਉਣ 'ਤੇ ਡੇਰਾ ਮੁਖੀ ਅਤੇ ਇਸ ਦੇ ਅਹਿਲਕਾਰ ਭੜਕ ਉਠੇ। ਸੌਦਾ ਸਾਧ ਨੇ ਅਪਣੇ ਖ਼ਾਸ ਕਾਰਿੰਦਿਆਂ ਕ੍ਰਿਸ਼ਨ ਲਾਲ (ਡੇਰਾ ਮੈਨੇਜਰ), ਦਰਸ਼ਨ ਸਿੰਘ (ਮੈਂਬਰ ਡੇਰਾ ਮੈਨੇਜਮੈਂਟ), ਇੰਦਰ ਸੈਨ ਡੇਰਾ ਮੈਨੇਜਰ ਅਤੇ ਅਵਤਾਰ ਸਿੰਘ ਦੀ ਡਿਊਟੀ ਲਗਾਈ ਕਿ ਇਹ ਚਿੱਠੀ ਜਨਤਕ ਕਰਨ ਵਾਲੇ ਦਾ ਪਤਾ ਲਗਾਇਆ ਜਾਵੇ। ਇਨ੍ਹਾਂ ਸੱਭ ਨੇ ਰਣਜੀਤ ਸਿੰਘ ਵਲ ਸ਼ੱਕ ਦੀ ਉਂਗਲ ਚੁਕੀ। ਖੱਟਾ ਸਿੰਘ ਦੇ ਪਹਿਲੇ ਬਿਆਨ ਮੁਤਾਬਕ 16 ਜੂਨ 2002 ਨੂੰ ਰਣਜੀਤ ਸਿੰਘ ਨੇ ਖੱਟਾ ਸਿੰਘ ਨੂੰ ਦਸਿਆ ਕਿ ਸੌਦਾ ਸਾਧ ਨੇ ਉਸ ਨੂੰ ਅਪਣੇ ਕੋਲ ਸੱਦਿਆ ਹੈ। ਸੌਦਾ ਸਾਧ ਅਤੇ ਉਸ ਦੇ ਉਪਰੋਕਤ ਕਾਰਿੰਦਿਆਂ ਨੇ ਰਣਜੀਤ ਸਿੰਘ 'ਤੇ ਵਾਰ-ਵਾਰ ਸਾਧਵੀਆਂ ਦੀ ਚਿੱਠੀ ਜਨਤਕ ਕਰਨ ਨੂੰ ਲੈ ਕੇ ਡੇਰਾ ਮੁਖੀ ਕੋਲੋਂ
ਮੁਆਫ਼ੀ ਮੰਗਣ ਲਈ ਦਬਾਅ ਪਾਇਆ ਤਾਂ ਰਣਜੀਤ ਸਿੰਘ ਡੇਰਾ ਛੱਡ ਕੇ ਜਾਣ ਵਿਚ ਕਾਮਯਾਬ ਹੋ ਗਿਆ।
ਜਦੋਂ ਰਣਜੀਤ ਸਿੰਘ ਵਾਰ-ਵਾਰ ਬੁਲਾਉਣ 'ਤੇ ਵੀ ਡੇਰੇ ਵਿਚ ਵਾਪਸ ਨਾ ਆਇਆ ਤਾਂ ਸੌਦਾ ਸਾਧ ਨੇ ਅਪਣੀ ਗੁਫ਼ਾ ਵਿਚ ਜਿਸ ਵਿਚ ਖੱਟਾ ਸਿੰਘ ਵੀ ਮੌਜੂਦ ਸੀ ਜਿਸ ਵਿਚ ਸੌਦਾ ਸਾਧ ਨੇ ਉਕਤ ਬੰਦਿਆਂ ਨੂੰ ਰਣਜੀਤ ਸਿੰਘ ਦੇ ਪਿੰਡ ਜਾ ਕੇ ਮਾਰ ਮੁਕਾਉਣ ਦਾ ਹੁਕਮ ਦਿਤਾ। ਖੱਟਾ ਸਿੰਘ ਮੁਤਾਬਕ 10 ਜੁਲਾਈ 2002 ਨੂੰ ਉਸ ਨੂੰ ਪਤਾ ਲੱਗਾ ਕਿ ਰਣਜੀਤ ਸਿੰਘ ਨੂੰ ਉਸ ਦੇ ਪਿੰਡ ਖ਼ਾਨਪੁਰ ਕੋਲੀਆਂ ਵਿਚ ਗੋਲੀ ਮਾਰ ਕੇ ਖ਼ਤਮ ਕਰ ਦਿਤਾ ਗਿਆ ਹੈ। ਉਸੇ ਸ਼ਾਮ ਉਸ ਨੇ (ਖੱਟਾ ਸਿੰਘ) ਡੇਰੇ ਦੇ ਸਾਹਮਣੇ ਸਥਿਤ ਹੋਟਲ 'ਕਸ਼ਿਸ਼' ਵਿਚ ਅਵਤਾਰ ਸਿੰਘ, ਜਸਬੀਰ ਸਿੰਘ, ਸਬਦਿਲ ਸਿੰਘ ਅਤੇ ਕ੍ਰਿਸ਼ਨ ਲਾਲ ਨੂੰ ਵੇਖਿਆ। ਜਿਥੇ ਉਹ ਰਣਜੀਤ ਸਿੰਘ ਦੀ ਹਤਿਆ ਦਾ ਜਸ਼ਨ ਮਨਾਉਂਦੇ ਸੁਣੇ ਗਏ। ਇਸੇ ਤਰ੍ਹਾਂ ਜਦੋਂ ਪੱਤਰਕਾਰ ਰਾਮਚੰਦਰ ਛਤਰਪਤੀ ਨੇ ਅਪਣੇ ਅਖ਼ਬਾਰ 'ਪੂਰਾ ਸੱਚ' ਵਿਚ ਸਾਧਵੀਆਂ ਦੀ ਚਿੱਠੀ ਪ੍ਰਮੁੱਖਤਾ ਨਾਲ ਛਾਪ ਦਿਤੀ ਤਾਂ ਵੀ ਡੇਰੇ ਵਿਚ ਗੁੱਸੇ ਦਾ ਭਾਂਬੜ ਮੱਚ ਗਿਆ। ਖੱਟਾ ਸਿੰਘ ਨੇ ਦਾਅਵਾ ਕੀਤਾ ਕਿ 23 ਅਕਤੂਬਰ 2002 ਦੀ ਸ਼ਾਮ ਡੇਰਾ ਮੁਖੀ ਸਤਸੰਗ ਕਰਨ ਲਈ ਜਲੰਧਰ ਗਿਆ ਅਤੇ ਉਸ ਦੀ 'ਲੈਂਡ-ਕਰੂਜ਼ਰ' ਕਾਰ ਨੂੰ ਉਹ (ਖੱਟਾ ਸਿੰਘ) ਚਲਾ ਰਿਹਾ ਸੀ। ਸ਼ਾਮੀ ਛੇ ਵਜੇ ਦੇ ਕਰੀਬ ਉਹ ਵਾਪਸ ਸਿਰਸਾ ਡੇਰਾ ਪੁੱਜੇ। ਆਉਂਦਿਆਂ ਹੀ ਡੇਰੇ ਦੇ ਪ੍ਰਬੰਧਕਾਂ ਤੇ ਕਰਮੀਆਂ ਵਿਚ ਸ਼ਾਮਲ ਕੁਲਦੀਪ ਸਿੰਘ, ਕ੍ਰਿਸ਼ਨ ਲਾਲ ਅਤੇ ਨਿਰਮਲ ਸਿੰਘ ਨੇ ਰਾਮ ਚੰਦਰ ਛਤਰਪਤੀ ਦੇ ਅਖ਼ਬਾਰ ਵਿਚ ਸੌਦਾ ਸਾਧ ਵਿਰੁਧ ਛਪੀਆਂ ਖ਼ਬਰਾਂ ਵਿਖਾਈਆਂ।
ਸੌਦਾ ਸਾਧ ਇਹ ਵੇਖ ਕੇ ਅੱਗ-ਬਬੂਲਾ ਹੋ ਗਿਆ ਅਤੇ ਉਸ ਨੇ ਕ੍ਰਿਸ਼ਨ ਲਾਲ, ਕੁਲਦੀਪ ਸਿੰਘ ਅਤੇ ਨਿਰਮਲ ਸਿੰਘ ਨੂੰ ਕਿਸੇ ਨਾ ਕਿਸੇ ਤਰ੍ਹਾਂ ਰਾਮ ਚੰਦਰ ਛਤਰਪਤੀ ਨੂੰ ਅੱਗਿਉਂ ਹੋਰ ਅਜਿਹਾ ਕੁੱਝ ਛਾਪਣ ਤੋਂ ਰੋਕਣ ਲਈ ਕਿਹਾ ਜਿਸ ਉਤੇ ਕ੍ਰਿਸ਼ਨ ਲਾਲ ਨੇ ਕੁਲਦੀਪ ਸਿੰਘ ਅਤੇ ਨਿਰਮਲ ਸਿੰਘ ਨੂੰ ਰਿਵਾਲਵਰ ਅਤੇ ਵਾਕੀ-ਟਾਕੀ ਸੈੱਟ ਦਿੰਦੇ ਹੋਏ ਰਾਮ ਚੰਦਰ ਛਤਰਪਤੀ ਨੂੰ ਮਾਰ ਦੇਣ ਦਾ ਹੁਕਮ ਦਿਤਾ ਅਤੇ ਵਾਕੀ-ਟਾਕੀ ਉਤੇ ਉਨ੍ਹਾਂ ਨਾਲ ਰਾਬਤਾ ਰਖਣ ਲਈ ਕਿਹਾ। ਖੱਟਾ ਸਿੰਘ ਮੁਤਾਬਕ ਇਹ ਸੱਭ ਕੁੱਝ ਉਸ ਦੇ ਸਾਹਮਣੇ ਵਾਪਰਿਆ। ਅਗਲੇ ਦਿਨ 24 ਅਕਤੂਬਰ 2002 ਨੂੰ ਉਹ (ਖੱਟਾ ਸਿੰਘ) ਕਿਸੇ ਨਿਜੀ ਕੰਮ ਦਿੱਲੀ ਚਲਾ ਗਿਆ। ਰਾਤੀਂ ਉਸ ਨੂੰ ਪਤਾ ਲੱਗਾ ਕਿ ਰਾਮ ਚੰਦਰ ਛਤਰਪਤੀ ਨੂੰ ਕਿਸੇ ਨੇ ਗੋਲੀ ਮਾਰ ਦਿਤੀ ਹੈ ਅਤੇ ਪੁਲਿਸ ਨੇ ਕੁਲਦੀਪ ਸਿੰਘ ਗ੍ਰਿਫ਼ਤਾਰ ਕਰ ਲਿਆ ਹੈ। ਉਹ ਅਗਲੇ ਦਿਨ ਸ਼ਾਮ ਨੂੰ ਡੇਰਾ ਸਿਰਸਾ ਪਰਤਿਆ ਜਿਸ ਤੋਂ ਦੋ ਕੁ ਦਿਨ ਬਾਅਦ ਪੁਲਿਸ ਨੇ ਪਹਿਲਾਂ ਨਿਰਮਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਤਿੰਨ-ਚਾਰ ਦਿਨ ਮਗਰੋਂ ਕ੍ਰਿਸ਼ਨ ਲਾਲ ਵੀ ਪੁਲਿਸ ਦੇ ਹੱਥੀਂ ਚੜ੍ਹ ਗਿਆ।