
ਚੰਡੀਗੜ੍ਹ: ਸਾਲ 1993 ਤੋਂ ਹੋ ਰਹੇ ਵਿਲੱਖਣ ਸੁੰਦਰਤਾ ਮੁਕਾਬਲੇ “ਮਿਸ ਵਰਲਡ ਪੰਜਾਬਣ” ਦੀ ਹਮੇਸ਼ਾਂ ਹੱਟੀਆਂ, ਭੱਠੀਆਂ 'ਤੇ ਚਰਚਾ ਹੁੰਦੀ ਰਹਿੰਦੀ ਹੈ। ਜਿੱਥੇ ਹਰ ਪੰਜਾਬੀ ਮੁਟਿਆਰ ਇਸ ਮੁਕਾਬਲੇ ਵਿਚ ਹਿੱਸਾ ਲੈਣ ਲਈ ਪੱਬਾਂ ਭਾਰ ਇਸ ਦੀ ਉਡੀਕ ਕਰਦੀ ਹੈ ਉੱਥੇ ਆਪਣੇ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਦਰਸ਼ਕ ਵੀ ਇਸ ਦੀ ਕਰੂਏ ਦੇ ਚੰਨ ਵਾਂਗ ਉਡੀਕ ਕਰਦੇ ਹਨ। ਇਸ ਵਰ੍ਹੇ ਸੱਭਿਆਚਾਰਕ ਸੱਥ ਪੰਜਾਬ ਵੱਲੋਂ ਸੁੱਖੀ ਨਿੱਝਰ, ਸੀ.ਈ.ੳ. ਵਤਨੋਂ ਦੂਰ ਨੈਟਵਰਕ, ਕੈਨੇਡਾ ਦੇ ਸਹਿਯੋਗ ਨਾਲ ਪਹਿਲੀ ਵਾਰ ਇਹ ਮੁਕਾਬਲਾ 11 ਨਵੰਬਰ, 2017 ਨੂੰ ਮਿਸੀਸਾਗਾ ਦੇ ਲਿਵਿੰਗ ਆਰਟ ਸੈਂਟਰ ਵਿੱਚ ਨਵੀਂ ਸ਼ਾਨੋ ਸ਼ੌਕਤ ਨਾਲ ਕਰਵਾਇਆ ਜਾ ਰਿਹਾ ਹੈ।
ਜਿਸ ਦਾ ਪਹਿਲਾਂ ਵਾਂਗ ਹੀ ਮਸ਼ਹੂਰ ਪੰਜਾਬੀ ਟੀਵੀ ਚੈਨਲਾਂ 'ਤੇ ਦੁਨੀਆਂ ਭਰ ਵਿਚ ਪ੍ਰਸਾਰਣ ਕੀਤਾ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਿਸ ਵਰਲਡ ਪੰਜਾਬਣ ਮੁਕਾਬਲਿਆਂ ਦੇ ਬਾਨੀ ਜਸਮੇਰ ਸਿੰਘ ਢੱਟ ਨੇ ਦੱਸਿਆ ਕਿ ਅੱਜ ਚੰਡੀਗੜ੍ਹ ਯੂਨੀਵਰਸਿਟੀ, ਮੋਹਾਲੀ ਵਿਖੇ ਪਟਿਆਲਾ, ਮੋਹਾਲੀ, ਰੋਪੜ ਅਤੇ ਚੰਡੀਗੜ੍ਹ ਦੀਆਂ ਮੁਟਿਆਰਾਂ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿਚ ਕਰੀਬ 3 ਦਰਜਨ ਮੁਟਿਆਰਾਂ ਨੇ ਹਿੱਸਾ ਲਿਆ। ਜਿਨ੍ਹਾਂ ਨੇ ਮਸ਼ਹੂਰ ਪੰਜਾਬੀ ਗਾਇਕਾਂ ਦੇ ਗਾਏ ਗੀਤਾਂ 'ਤੇ ਖੂਬਸੂਰਤ ਲੋਕ ਨਾਚ ਪੇਸ਼ ਕੀਤੇ।
ਟੇੈਲੇਂਟ ਰਾਊਂਡ ਵਿਚ ਗਾਇਕੀ, ਮੋਨੋ ਐਕਟਿੰਗ, ਮਿਮਿਕਰੀ ਆਦਿ ਪੇਸ਼ ਕੀਤੀ। ਪ੍ਰਤੀਯੋਗੀਆਂ ਨੇ ਇਸ ਮੌਕੇ ਚੋਣ ਜਿਊਰੀ ਵੱਲੋਂ ਦਿੱਤੇ ਸਵਾਲਾਂ ਦਾ ਲਿਖਤੀ ਟੈਸਟ ਵੀ ਦਿੱਤਾ। ਇਸ ਉਪਰੰਤ ਪ੍ਰਤੀਯੋਗੀਆਂ ਦਾ ਗਰੁੱਪ ਡਾਂਸ ਵੀ ਕਰਵਾਇਆ ਗਿਆ ਅਤੇ ਚੋਣਵੇਂ ਪ੍ਰਤੀਯੋਗੀਆਂ ਪਾਸੋਂ ਸੱਭਿਆਚਾਰ ਤੇ ਵਿਰਸੇ ਨਾਲ ਸੰਬੰਧਤ ਸਵਾਲ ਵੀ ਪੁੱਛੇ ਗਏ।
ਜੇਤੂ ਰਹੀਆਂ ਮੁਟਿਆਰਾਂ ਵਿੱਚੋਂ ਮਿਸ ਚੰਡੀਗੜ੍ਹ ਦਾ ਖਿਤਾਬ ਅਰਸ਼ਦੀਪ ਕੌਰ ਮਾਂਗਟ ਨੂੰ, ਮਿਸ ਰੋਪੜ ਦਾ ਖਿਤਾਬ ਗੁਰਪ੍ਰੀਤ ਕੌਰ ਸੋਹਲ ਨੂੰ, ਮਿਸ ਮੋਹਾਲੀ ਦਾ ਖਿਤਾਬ ਮਨਿੰਦਰ ਕੌਰ ਨੂੰ ਅਤੇ ਮਿਸ ਪਟਿਆਲਾ ਦਾ ਖਿਤਾਬ ਚਰਨਜੀਤ ਕੌਰ ਨੇ ਹਾਸਿਲ ਕੀਤਾ।
ਅੱਜ ਇੱਥੇ ਹੋਏ ਮੁਕਾਬਲਿਆਂ ਵਿੱਚ ਜੇਤੂ ਰਹੀਆਂ ਮੁਟਿਆਰਾਂ ਸਟੇਟ ਤੇ ਵਿਸ਼ਵ ਪੰਜਾਬਣ ਮੁਕਾਬਲੇ ਦੇ ਸੈਮੀ ਫਾਈਨਲ ਮੁਕਾਬਲੇ ਵਿੱਚ ਭਾਰਤ ਦੇ ਵੱਖ ਵੱਖ ਇਲਾਕਿਆਂ ਵਿਚੋਂ ਜਿੱਤ ਕੇ ਆਈਆਂ ਮੁਟਿਆਰਾਂ ਨਾਲ ਸ਼ਿਰਕਤ ਕਰਨਗੀਆਂ।
ਇਨ੍ਹਾਂ ਮੁਕਾਬਲਿਆਂ ਵਿੱਚ ਜੱਜਾਂ ਦੀ ਭੂਮਿਕਾ ਮੈਡਮ ਗੁਰਸ਼ੀਨ ਮਾਣਕ, ਗੁਰਪਾਲ ਕੌਰ ਢੱਟ, ਮੈਡਮ ਹਰਦੀਪ ਕੌਰ ਕਲਸੀ ਅਤੇ ਹਰਪ੍ਰੀਤ ਜੋਹਲ (ਸਾਬਕਾ ਮਿਸ ਵਰਲਡ ਪੰਜਾਬਣ) ਨੇ ਨਿਭਾਈ। ਜੇਤੂ ਪੰਜਾਬਣਾਂ ਨੂੰ ਇਨਾਮ ਦੇਣ ਦੀ ਰਸਮ ਮਾਣਯੋਗ ਜੱਜਾਂ ਨੇ ਅਦਾ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਕਲਚਰ ਵਿਭਾਗ ਦੇ ਮੁਖੀ ਮਨੀਸ਼ ਕੁਮਾਰ ਨੇ ਆਏ ਹੋਏ ਮਹਿਮਾਨਾਂ ਅਤੇ ਪ੍ਰਤੀਯੋਗੀਆਂ ਨੂੰ ਜੀ ਆਇਆਂ ਨੂੰ ਕਿਹਾ। ਜਦੋਂ ਕਿ ਪ੍ਰਗਰਾਮ ਦੇ ਆਖਿਰ ਵਿਚ ਸੱਥ ਦੇ ਜਨਰਲ ਸਕੱਤਰ ਜਗਜੀਤ ਸਿੰਘ ਨੇ ਦਰਸ਼ਕਾਂ, ਪ੍ਰਤੀਯੋਗੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਧੰਨਵਾਦ ਕੀਤਾ। ਇਸ ਸਮੇਂ ਯੂਨੀਵਰਸਿਟੀ ਦੇ ਚਾਂਸਲਰ ਸ. ਸਤਿਨਾਮ ਸਿੰਘ ਸਿੱਧੂ ਅਤੇ ਵਾਈਸ ਚਾਂਸਲਰ ਆਰ.ਐਸ. ਬਾਵਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਪ੍ਰੋਗਰਾਮ ਦੀ ਅਗਲੀ ਜਾਣਕਾਰੀ ਦਿੰਦਿਆਂ ਕਰਮਜੀਤ ਸਿੰਘ ਢੱਟ ਨੇ ਦੱਸਿਆ ਕਿ ਪ੍ਰੋਗਰਾਮ ਦੇ ਅਗਲੇ ਆਡੀਸ਼ਨ 22 ਸਤੰਬਰ, 2017 ਨੂੰ ਕੰਨਿਆ ਮਹਾ-ਵਿਦਿਆਲਿਆ, ਟਾਂਡਾ ਰੋਡ, ਜਲੰਧਰ ਵਿਖੇ ਹੋਣਗੇ। ਦਰਸ਼ਕਾਂ ਦਾ ਮਨੋਰੰਜਨ ਗਾਇਕ ਵਤਨਜੀਤ ਨੇ ਆਪਣੀ ਖੂਬਸੂਰਤ ਆਵਾਜ਼ ਵਿਚ ਕੀਤਾ। ਸਟੇਜ ਸਕੱਤਰੇਤ ਦੀ ਕਾਰਵਾਈ ਅਤੇ ਕਾਮੇਡੀ ਦਾ ਸੁਮੇਲ ਇੰਦਰ ਦੈਮੀ ਅਤੇ ਪ੍ਰਿੰਸ ਧੀਮਾਨ ਨੇ ਅਦਾ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਤਿਨ ਗੋਇਲ, ਕਰਮਜੀਤ ਸਿੰਘ ਢੱਟ, ਅਜੈ ਕੁਮਾਰ, ਭਰਤ ਕੁਮਾਰ, ਗੁਰਦੇਵ ਸਿੰਘ ਪੁਰਬਾ, ਸੋਨੂ ਨੀਲੀਬਾਰ, ਬੀਬਾ ਕਿਰਨ ਆਦਿ ਸ਼ਖਸੀਅਤਾਂ ਨੇ ਮੌਕੇ ਨੂੰ ਚਾਰ ਚੰਨ ਲਾ ਦਿੱਤੇ।