
ਮੋਹਾਲੀ : ਸ਼ਹਿਰ ਦੇ ਸੈਕਟਰ-76 'ਚ ਸਥਿਤ ਜ਼ਿਲਾ ਪ੍ਰਬੰਧਕੀ ਕੰਪਲੈਕਸ 'ਚ ਵੀਰਵਾਰ ਨੂੰ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਲੋਕਾਂ ਨੂੰ ਲੱਗਿਆ ਕਿ ਭੂਚਾਲ ਆ ਗਿਆ ਹੈ। ਜਿਸ ਤੋਂ ਬਾਅਦ ਲੋਕ ਬਾਹਰ ਨੂੰ ਦੌੜਨ ਲੱਗ ਪਏ।
ਅਸਲ 'ਚ ਇੱਥੇ ਐਡੀਸ਼ਨਲ ਡਿਸਟ੍ਰਿਕ ਐਂਡ ਸੈਸ਼ਨ ਜੱਜ ਦੀ ਅਦਾਲਤ 'ਚ ਛੱਤ ਤੋਂ ਸੀਲਿੰਗ ਵਾਲੀਆਂ ਟਾਈਲਾਂ ਡਿਗ ਗਈਆਂ। ਜਿਸ ਕਾਰਨ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ। ਜਾਣਕਾਰੀ ਮੁਤਾਬਕ ਸੀਲਿੰਗ ਉਸ ਸਮੇਂ ਡਿਗੀ, ਜਦੋਂ ਜੱਜ ਅਦਾਲਤ 'ਚ ਮੌਜੂਦ ਸਨ।
ਇਹ ਸੀਲਿੰਗ ਉਨ੍ਹਾਂ ਉੱਪਰ ਡਿਗ ਗਈ, ਜਿਸ ਕਾਰਨ ਉਨ੍ਹਾਂ ਦੇ ਸੱਟ ਵੀ ਲੱਗ ਗਈ। ਅਦਾਲਤ 'ਚ ਮੌਜੂਦ ਸਟਾਫ ਇਕਦਮ ਬਾਹਰ ਨਿਕਲ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲਾ ਅਦਾਲਤੀ ਕੰਪਲੈਕਸ ਦੀ ਬਿਲਡਿੰਗ ਕਮੇਟੀ ਦੇ ਮੈਂਬਰ ਜੱਜ ਜਸਵਿੰਦਰ ਸਿੰਘ ਅਤੇ ਪ੍ਰੀਤ ਮੋਹਨ ਸ਼ਰਮਾ ਵੀ ਮੌਕੇ 'ਤੇ ਪੁੱਜੀ ਅਤੇ ਉਨ੍ਹਾਂ ਨੇ ਜਾਇਜ਼ਾ ਲਿਆ।
ਇਸ ਘਟਨਾ ਤੋਂ ਬਾਅਦ ਅਦਾਲਤ 'ਚ ਕੰਮ ਬੰਦ ਕਰ ਦਿੱਤਾ ਗਿਆ। ਫਿਲਹਾਲ ਅਦਾਲਤੀ ਕੰਪਲੈਕਸ 'ਚ ਹੋਈ ਇਸ ਘਟਨਾ ਦੀ ਚਰਚਾ ਹਰ ਪਾਸੇ ਚੱਲ ਰਹੀ ਹੈ।