
ਜਗਰਾਉਂ, 26 ਦਸੰਬਰ (ਪਰਮਜੀਤ ਸਿੰਘ ਗਰੇਵਾਲ) : ਪੁਲਿਸ ਵਲੋਂ ਮੋਟਰਸਾਈਕਲ ਚੋਰ ਗਰੋਹ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਅੱਜ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ. ਐਸ. ਪੀ. ਸੁਰਜੀਤ ਸਿੰਘ ਅਤੇ ਐਸ. ਪੀ. (ਡੀ) ਰੁਪਿੰਦਰ ਕੁਮਾਰ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਪੁਲਿਸ ਪਾਰਟੀ ਪਿਛਲੇ ਦਿਨੀਂ ਦਿਲਬਾਗ ਸਿੰਘ ਬਾਘਾ ਗੈਂਗ ਜੋ ਟੂ-ਵੀਲ੍ਹਰ ਚੋਰੀ ਕਰਨ ਗੈਂਗ ਚਲਾਉਂਦਾ ਸੀ, ਪੁਲਿਸ ਵਲੋਂ ਦਿਲਬਾਗ ਸਿੰਘ ਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋ 65 ਚੋਰੀ ਦੇ ਮੋਟਰ ਸਾਈਕਲ ਅਤੇ 3 ਪਿਸਤੋਲ ਅਤੇ ਹੈਰੋਇਨ ਬਰਾਮਦ ਕੀਤੇ ਹਨ। ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਅਤੇ ਏ. ਐਸ. ਆਈ. ਸੁਖਮੰਦਰ ਸਿੰਘ ਇੰਚਾਰਜ ਪੁਲਿਸ ਚੌਕੀ ਭੂੰਦੜੀ ਨੇ ਪੁਲਿਸ ਪਾਰਟੀ ਸਮੇਤ ਪਿੰਡ ਆਲੀਵਾਲ ਚੌਕ 'ਚ ਨਾਕਾਬੰਦੀ ਦੌਰਾਨ ਮੁਖਬਰ ਨੇ ਇਤਲਾਹ ਦਿਤੀ ਕਿ ਅੰਗਰੇਜ਼ ਸਿੰਘ ਉਰਫ਼ ਗੇਜੀ ਜ਼ਿਲ੍ਹਾ ਫਿਰੋਜ਼ਪੁਰ, ਜਰਨੈਲ ਸਿੰਘ, ਬੋਹੜ ਸਿੰਘ ਵਾਸੀ ਨਿਹਾਲੇਵਾਲਾ
ਫਿਰੋਜ਼ਪੁਰ, ਸੁਖਵਿੰਦਰ ਸਿੰਘ ਉਰਫ਼ ਸਿੰਦਾ ਅਤੇ ਜਸਵਿੰਦਰ ਸਿੰਘ ਦੋਵੇਂ ਵਾਸੀ ਸਲੇਮਪੁਰਾ ਅਪਣੇ ਰਿਸ਼ਤੇਦਾਰਾਂ ਨਾਲ ਮਿਲਕੇ ਥਾਣਾ ਸਿੱਧਵਾਂ ਬੇਟ ਅਤੇ ਕਈ ਹੋਰ ਜ਼ਿਲ੍ਹਿਆਂ 'ਚ ਮੋਟਰ ਸਾਈਕਲ ਤੇ ਟਰੈਕਟਰ ਟਰਾਲੀਆਂ ਚੋਰੀ ਕਰ ਕੇ ਅਤੇ ਜਾਅਲੀ ਨੰਬਰ ਪਲੇਟਾਂ ਲਗਾਕੇ ਅੱਗੇ ਵੇਚਦੇ ਹਨ, ਜਿਸ 'ਤੇ ਪੁਲਿਸ ਪਾਰਟੀ ਨੇ ਕਾਰਵਾਈ ਕਰਦਿਆਂ ਸੁਖਵਿੰਦਰ ਸਿੰਘ ਉਰਫ਼ ਛਿੰਦਾ ਅਤੇ ਜਸਵਿੰਦਰ ਸਿੰਘ ਦੋਵੇਂ ਵਾਸੀ ਸਲੇਮਪੁਰਾ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋ 4 ਪਿਸਤੋਲ, 8 ਜਿੰਦਾ ਕਾਰਤੂਸ ਅਤੇ 20 ਹੋਰ ਚੋਰੀ ਦੇ ਮੋਟਰ ਸਾਈਕਲ/ਸਕੂਟਰ ਬਰਾਮਦ ਕੀਤੇ ਗਏ।ਐਸ. ਐਸ. ਪੀ. ਦਸਿਆ ਕਿ ਉਕਤ ਦੋਸ਼ੀ ਲੁਧਿਆਣਾ, ਫ਼ਿਰੋਜਪੁਰ, ਅੰਮ੍ਰਿਤਸਰ ਤੇ ਤਰਨਤਾਰਨ ਤੋਂ ਮੋਟਰ ਸਾਈਕਲ ਚੋਰੀ ਕਰਕੇ ਅੱਗੇ ਵੇਚ ਦਿੰਦੇ ਸਨ। ਹੁਣ ਤੱਕ ਇਸ ਗੈਂਗ ਕੋਲੋ 7 ਹਥਿਆਰ, 85 ਮੋਟਰ ਸਾਈਕਲ ਅਤੇ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦਸਿਆ ਕਿ ਇਸ ਗੈਂਗ ਦੇ ਤਿੰਨ ਮੈਂਬਰਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।