
ਮੁੰਬਈ, 30 ਦਸੰਬਰ: ਮੁੰਬਈ ਦੇ ਇਕ ਪੱਬ ਵਿਚ 14 ਜਣਿਆਂ ਦੀ ਜਾਨ ਲੈਣ ਵਾਲੀ ਭਿਆਨਕ ਅੱਗ ਦੀ ਘਟਨਾ ਤੋਂ ਇਕ ਦਿਨ ਬਾਅਦ ਅੱਜ ਪੱਬ ਦੇ ਦੋ ਸਹਿ-ਮਾਲਕਾਂ ਵਿਰੁਧ ਲੁੱਕਆਊਟ ਨੋਟਿਸ ਜਾਰੀ ਕੀਤਾ। ਦੂਜੇ ਪਾਸੇ ਬ੍ਰਹਿਨਮੁੰਬਈ ਮਹਾਂਨਗਰਪਾਲਿਕਾ (ਬੀ.ਐਮ.ਸੀ.) ਨੇ ਅੱਜ ਵੱਡੀ ਕਾਰਵਾਈ ਕਰਦਿਆਂ ਘੱਟ ਤੋਂ ਘੱਟ 100 ਰੇਸਤਰਾਂ ਅਤੇ ਪੱਬ ਦੇ ਨਾਜਾਇਜ਼ ਢਾਂਚਿਆਂ ਨੂੰ ਡੇਗ ਦਿਤਾ।ਨਵੇਂ ਸਾਲ 'ਤੇ ਲੋਕਾਂ ਦੀ ਭੀੜ ਦੀ ਸੰਭਾਵਨਾ ਨੂੰ ਵੇਖਦਿਆਂ ਅਧਿਕਾਰੀਆਂ ਨੂੰ ਇਹ ਯਕੀਨੀ ਕਰਨ ਦਾ ਹੁਕਮ ਦਿਤਾ ਹੈ ਕਿ ਰੇਸਤਰਾਂ ਅਤੇ ਬਾਰ ਵਿਚ ਸੁਰੱਖਿਆ ਨਿਯਮਾਂ ਦਾ ਪਾਲਣ ਹੋਵੇ। ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਦਾ ਕੰਮ ਵੀ ਸ਼ੁਰੂ ਕਰਨ ਦੇ ਨਾਲ ਬੀ.ਐਮ.ਸੀ. ਨੇ ਹੋਟਲਾਂ ਨੂੰ ਫਟਕਾਰ ਵੀ ਲਗਾਈ ਹੈ।
ਇਕ ਸੀਨੀਅਰ ਪੁਲਿਸ ਅਧਿਕਾਰੀ ਮੁਤਾਬਕ ਪੱਬ ਦੇ ਸਹਿ-ਮਾਲਕਾਂ ਹਿਤੇਸ਼ ਸਾਂਘਵੀ ਅਤੇ ਜਿਗਰ ਸਾਂਘਵੀ ਵਿਰੁਧ ਅੱਜ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਉਹ ਹੋਰ ਮੁਲਜ਼ਮਾਂ ਵਿਰੁਧ ਵੀ ਲੁੱਕਆਊਟ ਨੋਟਿਸ ਜਾਰੀ ਕਰਨ ਦੀ ਤਿਆਰੀ ਵਿਚ ਹੈ। ਇਸ ਤੋਂ ਪਹਿਲਾਂ ਕਲ ਪੁਲਿਸ ਨੇ ਸਾਂਘਵੀ ਭਰਾਵਾਂ, ਇਕ ਹੋਰ ਸਹਿ-ਮਾਲਕ ਅਭੀਜੀਤ ਮਨਕਾ ਅਤੇ ਹੋਰਨਾਂ ਵਿਰੁਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਪਰਸੋਂ ਦੇ ਅੱਗ ਕਾਂਡ ਤੋਂ ਬਾਅਦ ਅੱਗ ਬੁਝਾਊ ਦਸਤਾ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਕੀ ਅੱਗ ਇਕ ਬਾਰ ਟੈਂਡਰ ਦੇ ਅੱਗ ਦਾ ਸਟੰਟ ਵਿਖਾਉਣ ਦੌਰਾਨ ਲੱਗੀ ਜਾਂ ਹੁੱਕਾ ਲਈ ਕੋਲਾ ਬਾਲਣ ਨਾਲ ਜਾਂ ਸ਼ਾਰਟ ਸਰਕਟ ਕਾਰਨ ਲੱਗੀ।ਜ਼ਿਕਰਯੋਗ ਹੈ ਕਿ ਮੁੰਬਈ ਦੇ ਅਮੀਰ-ਤਰੀਨ ਇਲਾਕੇ ਵਿਚ ਪੈਂਦੇ ਕਮਲਾ ਮਿਲ ਕੰਪਲੈਕਸ ਦੀ ਛੱਤ 'ਤੇ ਪੱਬ ਵਿਚ ਲੱਗੀ ਭਿਆਨਕ ਅੱਗ ਕਾਰਨ 14 ਜਣਿਆਂ ਦੀ ਮੌਤ ਹੋ ਗਈ ਸੀ ਅਤੇ 21 ਜਣੇ ਜ਼ਖ਼ਮੀ ਹੋ ਗÂੈ ਸਨ। ਮ੍ਰਿਤਕਾਂ ਵਿਚ ਖ਼ੁਸ਼ਬੂ ਬੰਸਾਲੀ ਵੀ ਸੀ, ਜਿਸ ਦੇ 29ਵੇਂ ਜਨਮਦਿਨ 'ਤੇ ਉਥੇ ਪਾਰਟੀ ਚੱਲ ਰਹੀ ਸੀ। (ਪੀਟੀਆਈ )