
ਚੰਡੀਗੜ੍ਹ, 29 ਸਤੰਬਰ (ਤਰੁਣ ਭਜਨੀ): ਸੈਕਟਰ-26 ਸਥਿਤ ਗ੍ਰੇਨ ਮਾਰਕੀਟ ਵਿਚ ਇਕ ਪ੍ਰੇਮੀ ਨੇ ਅਪਣੀ ਪ੍ਰੇਮਿਕਾ ਦੀ ਇਸ ਕਰ ਕੇ ਚਾਕੂ ਨਾਲ ਧੌਣ ਵੱਢ ਦਿਤੀ ਕਿ ਉਸ ਨੇ ਪ੍ਰੇਮੀ ਨਾਲ ਜਾਣ ਤੋਂ ਇਨਕਾਰ ਕਰ ਦਿਤਾ। ਪੁਲਿਸ ਨੇ ਇਸ ਮਾਮਲੇ ਵਿਚ ਕਤਲ ਨੂੰ ਅੰਜਾਮ ਦੇਣ ਵਾਲੇ ਪ੍ਰੇਮੀ ਧਨਾਸ ਵਾਸੀ ਸੁਨੀਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਅਨੁਸਾਰ ਸੈਕਟਰ-26 ਦੀ ਮੰਡੀ ਵਿਚ
ਅਪਣੀ ਮਾਂ ਨਾਲ ਸਬਜ਼ੀ ਵੇਚਣ ਦਾ ਕੰਮ ਕਰਨ ਵਾਲੀ ਪੂਜਾ ਅਪਣੀ ਸਹੇਲੀ ਜੋਤੀ ਨਾਲ ਮੰਡੀ ਵਿਚ
ਸਬਜ਼ੀ ਵੇਚ ਰਹੀ ਸੀ। ਇਸ ਦੌਰਾਨ ਉਸ ਦਾ ਪ੍ਰੇਮੀ ਉਥੇ ਆਇਆ ਅਤੇ ਅਪਣੇ ਨਾਲ ਜਾਣ ਲਈ ਕਹਿਣ
ਲੱਗਾ। ਪੂਜਾ ਦੇ ਮਨ੍ਹਾ ਕਰਨ 'ਤੇ ਉਹ ਗੁੱਸੇ ਵਿਚ ਆ ਗਿਆ ਅਤੇ ਉਸ ਨੇ ਅਪਣੀ ਜੇਬ ਤੋਂ
ਚਾਕੂ ਕਢਿਆ ਅਤੇ ਉਸ ਦੀ ਧੌਣ 'ਤੇ ਮਾਰ ਕੇ ਫ਼ਰਾਰ ਹੋ ਗਿਆ। ਲਹੂ-ਲੁਹਾਨ ਹਾਲਤ ਵਿਚ ਪੂਜਾ
ਅਪਣੀ ਮਾਂ ਕੋਲ ਗਈ ਜੋ ਕੁੱਝ ਦੂਰੀ 'ਤੇ ਹੀ ਸਬਜ਼ੀ ਵੇਚ ਰਹੀ ਸੀ। ਉਥੇ ਤਕ ਪੁੱਜਣ ਤਕ ਉਹ
ਬੇਹੋਸ਼ ਹੋ ਗਈ।
ਮੌਕੇ 'ਤੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿਤੀ।
ਪੁਲਿਸ ਲੜਕੀ ਨੂੰ ਸੈਕਟਰ 16 ਦੇ ਸਰਕਾਰੀ ਹਸਪਤਾਲ ਲੈ ਗਈ ਜਿਥੇ ਹਾਲਤ ਗੰਭੀਰ ਹੋਣ 'ਤੇ
ਉਸ ਨੂੰ ਪੀ.ਜੀ.ਆਈ. ਰੈਫ਼ਰ ਕਰ ਦਿਤਾ। ਪੀ.ਜੀ.ਆਈ. ਵਿਚ ਇਲਾਜ ਦੌਰਾਨ ਪੂਜਾ ਦੀ ਮੌਤ ਹੋ
ਗਈ। ਸੈਕਟਰ-26 ਥਾਣਾ ਪੁਲਿਸ ਨੇ ਹਤਿਆ ਦਾ ਮਾਮਲਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ
ਦਿਤੀ ਅਤੇ ਉਸ ਨੂੰ ਟਿੰਬਰ ਮਾਰਕੀਟ ਕੋਲੋਂ ਗ੍ਰਿਫ਼ਤਾਰ ਕਰ ਲਿਆ।