
ਲੁਧਿਆਣਾ ‘ਚ ਕਰੀਬ ਇੱਕ ਹਫ਼ਤਾ ਪਹਿਲਾਂ ਕੰਮ ‘ਤੇ ਰੱਖੇ ਨੌਕਰ ਨੇ ਆਪਣੇ ਚਾਰ ਸਾਥੀਆਂ ਨਾਲ ਇੱਥੇ ਇੱਕ ਧਾਗਾ ਵਪਾਰੀ ਦੀ ਪਤਨੀ ਨੂੰ ਬੰਦੀ ਬਣਾ ਕੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੀੜਤਾ ਨੇ ਕਿਸੇ ਤਰ੍ਹਾਂ ਖ਼ੁਦ ਨੂੰ ਖੋਲ੍ਹਿਆ ‘ਤੇ ਲੁਧਿਆਣਾ ਪੁਲਿਸ ਦੇ ਕੰਟਰੋਲ ਰੂਮ ਨੂੰ ਜਾਣਕਾਰੀ ਦਿੱਤੀ, ਪਰ ਪੁਲਿਸ ਦੇ ਘਟਨਾ ਵਾਲੀ ਜਗ੍ਹਾ ‘ਤੇ ਨਾ ਪੁੱਜਣ ’ਤੇ ਵਪਾਰੀ ਨੇ ਪੰਜਾਬ ਪੁਲਿਸ ਦੇ ਡੀ.ਜੀ.ਪੀ ਨੂੰ ਜਾਣਕਾਰੀ ਦਿੱਤੀ।
ਜਿਨ੍ਹਾਂ ਪੁਲੀਸ ਕਮਿਸ਼ਨਰ ਨੂੰ ਫੋਨ ਕੀਤਾ ਜਿਸ ਤੋਂ ਬਾਅਦ ਡੀ.ਸੀ.ਪੀ ਕ੍ਰਾਈਮ ਗਗਨਅਜੀਤ ਸਿੰਘ, ਏਡੀਸੀਪੀ-2 ਸੰਦੀਪ ਸ਼ਰਮਾ, ਏਸੀਪੀ ਆਤਮ ਨਗਰ ਨਵੀਨ ਕੁਮਾਰ ‘ਤੇ ਥਾਣਾ ਮਾਡਲ ਟਾਊਨ ਦੀ ਪੁਲਿਸ ਦੇ ਨਾਲ ਚੌਂਕੀ ਇੰਚਾਰਜ ਆਤਮ ਨਗਰ ਦੀ ਪੁਲਿਸ ਮੌਕੇ ’ਤੇ ਪੁੱਜੀ।ਪੁਲਿਸ ਨੇ ਅਣਪਛਾਤੇ ਨੌਕਰ ‘ਤੇ ਉਸ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਕਾਮਧੇਨੂ ਕਾਟਨ ਸਪੀਨਿੰਗ ਮਿੱਲਜ਼ ਦੇ ਮਾਲਕ ਓਮ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਦੀ ਕੁਹਾੜਾ ਰੋਡ ’ਤੇ ਫੈਕਟਰੀ ਹੈ।
ਉਹ ਆਤਮ ਨਗਰ ਇਲਾਕੇ ਵਿੱਚ ਰਹਿੰਦੇ ਹਨ। ਉਨ੍ਹਾਂ ਦੀ ਪਤਨੀ ਸਨੇਹ ਲਤਾ ਘਰ ਵਿੱਚ ਇਕੱਲੀ ਸੀ। ਉਨ੍ਹਾਂ ਕਰੀਬ ਇੱਕ ਹਫ਼ਤਾ ਪਹਿਲਾਂ ਹੀ ਨਵਾਂ ਨੌਕਰ ਰੱਖਿਆ ਸੀ, ਜੋ ਆਪਣਾ ਨਾਮ ਰਾਜੇਸ਼ ਦੱਸਦਾ ਸੀ। ਸਨੇਹ ਲਤਾ ਦਾ ਕਹਿਣਾ ਹੈ ਕਿ ਸੋਮਵਾਰ ਕਰੀਬ 12 ਵਜੇ ਉਸ ਦੇ ਪਤੀ ਫੈਕਟਰੀ ਚਲੇ ਗਏ ਸਨ ਜਿਸ ਤੋਂ ਬਾਅਦ ਉਹ ਕਮਰਿਆਂ ਨੂੰ ਤਾਲਾ ਲਾ ਕੇ ਖ਼ੁਦ ਉਪਰ ਕਮਰੇ ਵਿੱਚ ਚਲੀ ਗਈ। ਇਸ ਦੌਰਾਨ ਨੌਕਰ ਰਾਜੇਸ਼ ਕਿਸੇ ਨਾਲ ਮੋਬਾਈਲ ‘ਤੇ ਗੱਲ ਕਰ ਰਿਹਾ ਸੀ ਜਦਕਿ ਉਸ ਨੇ ਕਿਹਾ ਸੀ ਕਿ ਉਸ ਕੋਲ ਮੋਬਾਈਲ ਨਹੀਂ ਹੈ।
ਕੁਝ ਸਮੇਂ ਬਾਅਦ ਹੀ ਉਪਰ ਕਮਰੇ ਵਿੱਚ ਚਾਰ ਵਿਅਕਤੀ ਆ ਗਏ। ਮੁਲਜ਼ਮਾਂ ਨੇ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ। ਉਨ੍ਹਾਂ ਦੱਸਿਆ ਕਿ ਸਾਰੇ ਮੁਲਜ਼ਮਾਂ ਕੋਲ ਸੱਬਲ ਤੇ ਹੋਰ ਹਥਿਆਰ ਸਨ।ਉਨ੍ਹਾਂ ਘਰ ਵਿੱਚ ਅਲਮਾਰੀਆਂ ਦੇ ਦਰਵਾਜ਼ੇ ਤੱਕ ਤੋੜ ਦਿੱਤੇ ਤੇ ਨਕਦੀ ‘ਤੇ ਗਹਿਣੇ ਚੋਰੀ ਕਰ ਲਏ ਅਤੇ ਫ਼ਰਾਰ ਹੋ ਗਏ। ਪੁਲਿਸ ਨੂੰ ਕੋਠੀ ਨੇੜੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਮਿਲੀ ਹੈ, ਜਿਸ ਮੁਤਾਬਕ ਪੰਜੋਂ ਜਣੇ ਕੋਠੀ ’ਚੋਂ ਬਾਹਰ ਨਿਕਲ ਕੇ ਵੱਖ-ਵੱਖ ਦਿਸ਼ਾਵਾਂ ’ਚ ਚਲੇ ਗਏ ‘ਤੇ ਇਸ ਤੋਂ ਬਾਅਦ ਆਤਮ ਨਗਰ ਪਬਲਿਕ ਸਕੂਲ ਨੇੜੇ ਇੱਕ ਪਾਰਕ ਵਿੱਚ ਇਕੱਠੇ ਹੋਏ।
ਏਸੀਪੀ ਆਤਮ ਨਗਰ ਨਵੀਨ ਕੁਮਾਰ ਨੇ ਕਿਹਾ ਕਿ ਨਕਦੀ ‘ਤੇ ਗਹਿਣੇ ਕਿੰਨੇ ਸਨ, ਹਾਲੇ ਸ਼ਿਕਾਇਤਕਰਤਾ ਨੇ ਇਸ ਦੀ ਜਾਣਕਾਰੀ ਨਹੀਂ ਦਿੱਤੀ ਹੈ। ਨੌਕਰ ਅਤੇ ਉਸ ਦੇ ਚਾਰ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ‘ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।