
ਆਮ ਆਦਮੀ ਪਾਰਟੀ ਦਾ ਅਸਰ ਪੰਜਾਬ ਵਿੱਚ ਤੇਜ਼ੀ ਨਾਲ ਖਤਮ ਹੋ ਰਿਹਾ ਜਾਪਦਾ ਹੈ। ਜਲੰਧਰ ਨਗਰ ਨਿਗਮ ਲਈ 80 ਸੀਟਾਂ ‘ਤੇ ਉਤਾਰੇ ਸਿਰਫ 43 ਉਮੀਦਵਾਰ, ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ, “ਜਿੰਨੀਆਂ ਸੀਟਾਂ ‘ਤੇ ਉਮੀਦਵਾਰਾਂ ਨੇ ਅਪਲਾਈ ਕੀਤਾ ਅਸੀਂ ਸਕ੍ਰੀਨਿੰਗ ਕਰਕੇ ਟਿਕਟਾਂ ਦਿੱਤੀਆਂ ਹਨ।”
ਪੰਜਾਬ ਦੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਵਜੋਂ ਸਥਾਪਤ ਅਤੇ ਸਿਰਫ ਪੰਜਾਬ ਵਿੱਚੋਂ ਹੀ ਚਾਰ ਸੰਸਦ ਮੈਂਬਰਾਂ ਦੀਆਂ ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ ਦਾ ਅਸਰ ਦਿਨ-ਬ-ਦਿਨ ਘਟਦਾ ਜਾਪ ਰਿਹਾ ਹੈ। ਜਲੰਧਰ ਨਗਰ ਨਿਗਮ ਦੀਆਂ 80 ਸੀਟਾਂ ‘ਤੇ ਆਮ ਆਦਮੀ ਪਾਰਟੀ ਆਪਣੇ 80 ਉਮੀਦਵਾਰ ਵੀ ਖਡ਼੍ਹੇ ਨਹੀਂ ਕਰ ਸਕੀ ਹੈ। ਪਾਰਟੀ ਨੇ ਸਿਰਫ 43 ਸੀਟਾਂ ‘ਤੇ ਹੀ ਆਪਣੇ ਪ੍ਰਤੀਨਿਧ ਮੈਦਾਨ ਵਿੱਚ ਉਤਾਰੇ ਹਨ।
‘ਆਪ’ ਦਾ ਪੰਜਾਬ ਵਿੱਚ ਸਰਕਾਰ ਬਨਾਉਣ ਦਾ ਸੁਫਨਾ ਲੋਕਾਂ ਨੇ ਪੂਰਾ ਤਾਂ ਨਹੀਂ ਹੋਣ ਦਿੱਤਾ ਪਰ ਪੰਜਾਬ ਦੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਕੁਰਸੀ ‘ਤੇ ਜ਼ਰੂਰ ਬਿਠਾ ਦਿੱਤਾ। ਵਿਰੋਧੀ ਧਿਰ ਵਜੋਂ ਆਮ ਆਦਮੀ ਪਾਰਟੀ ਵਿਧਾਨ ਸਭਾ ਵਿੱਚ ਤਾਂ ਨਜ਼ਰ ਆ ਰਹੀ ਹੈ ਪਰ ਲੋਕਾਂ ਵਿਚਾਲੇ ਅਧਾਰ ਘੱਟ ਹੁੰਦਾ ਲੱਗ ਰਿਹਾ ਹੈ।
ਜਦੋਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨਾਂ ਨੇ ਕਿਹਾ ਕਿ ਜਿੰਨੇ ਇਮਾਨਦਾਰ ਲੋਕਾਂ ਨੇ ਅਪਲਾਈ ਕੀਤਾ ਸੀ ਉਨਾਂ ਵਿੱਚੋਂ ਅਸੀਂ ਸਕ੍ਰੀਨਿੰਗ ਕਰ ਕੇ ਟਿਕਟ ਦਿੱਤੀ। ਕੀ ਇਸ ਦਾ ਮਤਲਬ ਇਹ ਹੈ ਕਿ 80 ਸੀਟਾਂ ਵਾਸਤੇ 80 ਇਮਾਨਦਾਰ ਲੋਕਾਂ ਨੇ ਵੀ ਆਮ ਆਦਮੀ ਪਾਰਟੀ ਦੀ ਟਿਕਟ ਲਈ ਅਪਲਾਈ ਨਹੀਂ ਕੀਤਾ। ਆਮ ਆਦਮੀ ਪਾਰਟੀ ਨੂੰ ਆਪਣੀ ਸਾਖ ਬਚਾਉਣ ਲਈ ਹੋਰ ਮਿਹਨਤ ਕਰਨ ਦੀ ਲੋਡ਼ ਹੈ।