
ਚੰਡੀਗੜ੍ਹ, 13 ਅਕਤੂਬਰ, (ਨੀਲ ਭਲਿੰਦਰ ਸਿੰਘ) : ਕੌਮੀ ਰਾਜਧਾਨੀ ਖੇਤਰ ਦਿੱਲੀ ਵਿੱਚ ਸੁਪ੍ਰੀਮ ਕੋਰਟ ਵਲੋਂ ਪਟਾਕਿਆਂ ਉੱਤੇ ਰੋਕ ਲਾਉਣ ਮਗਰੋਂ ਹੁਣ ਪੰਜਾਬ, ਹਰਿਆਣਾ ਅਤੇ ਚੰਡੀਗੜ ਵਿੱਚ ਵੀ ਪਟਾਕੇ ਚਲਾਉਣ ਦਾ ਸੀਮਤ ਸਮਾਂ ਨੀਯਤ ਕਰ ਦਿੱਤਾ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਪਣੇ ਅਧਿਕਾਰ ਖੇਤਰ ਵਿਚ ਆਉਂਦੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਖਿੱਤੇ ਵਿਚ ਪਟਾਕੇ ਚਲਾਉਣ ਲਈ ਸ਼ਾਮ 6 :30 ਵਜੇ ਤੋਂ ਰਾਤ 9 :30 ਵਜੇ ਤੱਕ ਦਾ ਸਮਾਂ ਤੈਅ ਕੀਤਾ ਹੈ. ਇਸ ਦੌਰਾਨ ਪੁਲਿਸ ਦੀ ਪੀਸੀਆਰ ਸਾਰੇ ਖੇਤਰਾਂ ਵਿੱਚ ਜਾਂਚ ਕਰੇਗੀ ਕਿ ਕੋਈ ਇਸ ਤੈਅ ਸਮਾਂ ਸੀਮਾ ਮਗਰੋਂ ਪਟਾਕੇ ਨਾ ਚਲਾਵੇ। ਜਸਟਿਸ ਏਕੇ ਮਿੱਤਲ ਅਤੇ ਜਸਟਿਸ ਅਮਿਤ ਰਾਵਲ ਉਤੇ ਅਧਾਰਤ ਡਵੀਜਨ ਬੈਂਚ ਇਸ ਮਾਮਲੇ ਦਾ ਸਵੈ-ਨੋਟਿਸ ਲੈਂਦੇ ਹੋਏ ਦੀਵਾਲੀ ਮੌਕੇ ਪਟਾਕਿਆਂ ਕਾਰਨ ਹੋਣ ਵਾਲੇ ਹਵਾ ਪ੍ਰਦੂਸ਼ਣ ਨੂੰ ਧਿਆਨ ਵਿਚ ਰੱਖ ਕੇ ਇਸ ਦੇ ਲਈ ਸਮਾਂ ਤੈਅ ਕੀਤਾ ਗਿਆ ਹੈ। ਹਾਲੇ ਬੀਤੇ ਕੱਲ ਹੀ ਹਾਈਕੋਰਟ ਨੇ ਪਟਾਕਿਆਂ ਕਾਰਨ ਹੋਣ ਵਾਲੇ ਪ੍ਰਦੂਸ਼ਣ ਉੱਤੇ ਲਗਾਮ ਲਗਾਉਣ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ ਕੋਲੋਂ ਜਵਾਬ ਮੰਗਿਆ ਸੀ । ਅੱਜ ਇਸ ਉੱਤੇ ਹਾਈ ਕੋਰਟ ਵਿੱਚ ਜਵਾਬ ਦਾਖਲ ਕੀਤੇ ਗਏ। ਅੱਜ ਇਸ ਮਾਮਲੇ ਉੱਤੇ ਸੁਣਵਾਈ ਦੌਰਾਨ ਹਾਈ ਕੋਰਟ ਨੇ ਆਦੇਸ਼ ਦਿਤਾ ਕਿ ਪਟਾਕਿਆਂ ਦੀ ਵਿਕਰੀ ਵਾਲੇ ਲਾਇਸੰਸ ਜਾਰੀ ਕਰਨ ਲਈ ਡਰਾਅ ਕਢਿਆ ਜਾਵੇ ਅਤੇ ਇਸ ਦੀ ਵੀਡੀਓਗਰਾਫ਼ੀ ਵੀ ਕਰਵਾਈ ਜਾਵੇ।
ਇਸ ਮਾਮਲੇ ਉੱਤੇ ਅੱਜ ਸੁਣਵਾਈ ਦੌਰਾਨ ਪੰਜਾਬ ਅਤੇ ਹਰਿਆਣਾ ਸਰਕਾਰਾਂ ਅਤੇ ਚੰਡੀਗੜ ਪ੍ਰਸ਼ਾਸਨ ਵਲੋਂ ਆਪਣੇ ਪੱਖ ਰੱਖੇ ਗਏ । ਸੁਣਵਾਈ ਦੇ ਦੌਰਾਨ ਅਦਾਲਤ ਦੇ ਮਿੱਤਰ ਵਕੀਲ ਅਨੁਪਮ ਗੁਪਤਾ ਨੇ ਇਹ ਸੁਝਾਅ ਦਿੱਤਾ ਕਿ ਦਿਵਾਲੀ ਮੌਕੇ ਸ਼ਾਮ ਛੇ ਤੋਂ ਨੌਂ ਵਜੇ ਤੱਕ ਦਾ ਸਮਾਂ ਪਟਾਕੇ ਚਲਾਉਣ ਹਿਤ ਤੈਅ ਕੀਤਾ ਜਾਵੇ। ਦਿਵਾਲੀ ਤੋਂ ਅਗਲੇ ਦਿਨ ਵੀ ਪਟਾਕੇ ਚਲਾਉਣ ਉੱਤੇ ਰੋਕ ਜਾਰੀ ਰਹੇ। ਪਟਾਕਿਆਂ ਦੇ ਥੋਕ ਵਿਕਰੇਤਾਵਾਂ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਉਹ ਪਟਾਕਿਆਂ ਵਿਚ ਕਰੋੜਾਂ ਰੁਪਿਆ ਨਿਵੇਸ਼ ਕਰ ਚੁੱਕੇ ਹਨ. ਹੁਣ ਜੇਕਰ ਪਟਾਕੇ ਚਲਾਉਣ ਉਤੇ ਪੂਰਨ ਪਾਬੰਦੀ ਲਗਦੀ ਹੈ ਤਾਂ ਉਹਨਾਂ ਨੂੰ ਸੜਕਾਂ ਉਤੇ ਆਉਣ ਨੂੰ ਮਜਬੂਰ ਹੋਣਾ ਪਵੇਗਾ। ਬੈਂਚ ਨੇ ਕਿਹਾ ਕਿ ਦਿਵਾਲੀ ਮੌਕੇ ਪਟਾਕਿਆਂ ਕਾਰਨ ਹਾਲਾਤ ਇਨ੍ਹੇ ਖ਼ਰਾਬ ਹੋ ਜਾਂਦੇ ਹਨ ਕਿ ਲੋਕਾਂ ਦਾ ਰਾਤ 10 ਵਜੇ ਤੋਂ ਬਾਅਦ ਘਰ ਤੋਂ ਬਾਹਰ ਨਿਕਲ ਕੇ ਸਾਂਹ ਲੈਣਾ ਤੱਕ ਮੁਸ਼ਕਲ ਹੋ ਜਾਂਦਾ ਹੈ । ਜਸਟਿਸ ਅਮਿਤ ਰਾਵਲ ਨੇ ਅੱਜ ਸੁਣਵਾਈ ਮੌਕੇ ਉਚੇਚੇ ਤੌਰ ਉਤੇ ਕਿਹਾ ਕਿ ਪੰਜਾਬ ਦੇ ਲੁਧਿਆਣਾ, ਜਲੰਧਰ, ਅਮ੍ਰਿਤਸਰ, ਮੰਡੀ ਗੋਬਿੰਦਗੜ ਅਤੇ ਪਟਿਆਲਾ ਵਿੱਚ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ ਕੁੱਝ ਅਜਿਹਾ ਹੀ ਹਾਲ ਹਰਿਆਣਾ ਦੇ ਕਈ ਜਿਲਿਆਂ ਦਾ ਵੀ ਹੈ।