
ਚੰਡੀਗੜ੍ਹ : ਸੋਮਾਵਰ ਯਾਨੀ 12 ਮਾਰਚ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਦੀ ਪ੍ਰੀਖਿਆ ਲਈ ਜਾ ਰਹੀ ਹੈ। ਇਸ ਦੇ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਤੁਹਾਨੂੰ ਦੱਸ ਦਈਏ 10ਵੀਂ ਜਮਾਤ ਸਮੇਤ ਓਪਨ ਸਕੂਲ ਦੀ ਪ੍ਰੀਖਿਆ 12 ਮਾਰਚ ਤੋਂ 31 ਮਾਰਚ ਤੱਕ ਹੋਵੇਗੀ। ਪ੍ਰੀਖਿਆ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 1: 15 ਵਜੇ ਤੱਕ ਦਾ ਹੋਵੇਗਾ। ਦੱਸਣਯੋਗ ਹੈ ਕਿ 10ਵੀਂ ਦੀ ਪ੍ਰੀਖਿਆ ਨੂੰ ਨਕਲ ਰਹਿਤ ਅਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਪੰਜਾਬ ਭਰ 'ਚ 2707 ਪ੍ਰੀਖਿਆ ਕੇਂਦਰ ਸਥਾਪਤ ਕੀਤੇ ਗਏ ਹਨ।
ਸਰਕਾਰੀ, ਓਪਨ ਸਕੂਲ ਅਤੇ ਪ੍ਰਾਈਵੇਟ ਤੌਰ 'ਤੇ ਲਗਭਗ 4.05 ਲੱਖ ਵਿਦਿਆਰਥੀ ਪ੍ਰੀਖਿਆ 'ਚ ਬੈਠਣਗੇ। ਲਗਭਗ ਸਾਰੇ ਪ੍ਰੀਖਿਆ ਕੇਂਦਰ ਸਰਕਾਰੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਲ ਐਫੀਲੀਏਟਿਡ ਸਕੂਲਾਂ ਦੇ ਕੈਂਪਸ 'ਚ ਹੀ ਬਣਾਏ ਗਏ ਹਨ। ਉਥੇ ਹੀ ਇਸ ਵਾਰ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਲਈ ਸੈਲਫ ਸੈਂਟਰ ਨਹੀਂ ਬਣਾਏ ਜਾ ਰਹੇ ਹਨ। ਇਨ੍ਹਾਂ 'ਚੋਂ 56 ਕੇਂਦਰ ਅਤਿ-ਸੰਵੇਦਨਸ਼ੀਲ ਦੱਸੇ ਗਏ ਹਨ, ਜਿਨ੍ਹਾਂ 'ਤੇ ਉਡਣ ਦਸਤਿਆਂ ਦੀ ਨਜ਼ਰ ਰਹੇਗੀ। ਇਸ ਤੋਂ ਇਲਾਵਾ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਨੂੰ ਅਗਾਊਂ ਪੱਤਰ ਭੇਜ ਕੇ ਪ੍ਰੀਖਿਆ ਕੇਂਦਰਾਂ ਨੇੜੇ ਧਾਰਾ 144 ਲਗਵਾਉਣ ਅਤੇ ਚੌਕਸੀ ਵਧਾਉਣ ਲਈ ਕਿਹਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਪੜ੍ਹਨ ਲਈ 15 ਮਿੰਟਾਂ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ਨੇਤਰਹੀਣ, ਗੂੰਗੇ-ਬੋਲੇ ਅਤੇ ਅਪਾਹਿਜ ਵਿਦਿਆਰਥੀਆਂ ਨੂੰ ਪੇਪਰ ਕਰਨ ਦੇ ਲਈ ਹਰ ਇਕ ਘੰਟੇ ਦੇ ਪਿੱਛੇ 20 ਮਿੰਟਾਂ ਦਾ ਵਾਧੂ ਸਮਾਂ ਦਿੱਤਾ ਜਾਵੇਗਾ।