ਚੰਡੀਗੜ੍ਹ : ਭਾਵੇ ਹੀ ਬਾਦਲ ਸਰਕਾਰ ਬੀਤੇ ਸਾਲ ਵਿਧਾਨ ਸਭਾ ਚੋਣਾਂ 'ਚ ਬੁਰੇ ਤਰੀਕੇ ਨਾਲ ਹਾਰ ਗਈ ਸੀ ਪਰ ਉਨ੍ਹਾਂ ਦੀ ਟਰਾਂਸਪੋਰਟ 'ਚ ਚੜ੍ਹਤ ਅਜੇ ਵੀ ਬਰਕਰਾਰ ਹੈ। ਪੰਜਾਬ ਵਿੱਚ ਟਰਾਂਸਪੋਰਟ ਦੇ ਵਪਾਰ ਵਿੱਚ ਕਾਮਯਾਬੀ ਦੇ ਨਾਲ ਨਾਲ ਬਾਦਲਾਂ ਨੇ ਹੁਣ ਹਿਮਾਚਲ ਵਿੱਚ ਵੀ ਆਪਣਾ ਕਾਰੋਬਾਰ ਭਖਾ ਲਿਆ ਹੈ। ਇਥੋਂ ਦੀ ਇੰਡੋ ਕੈਨੇਡੀਅਨ ਕੰਪਨੀ ਦੇ ਸੂਤਰਾਂ ਅਨੁਸਾਰ ਬਾਦਲ ਪਰਿਵਾਰ ਦੀਆਂ ਰੋਜ਼ਾਨਾ ਹਿਮਾਚਲ ਤੋਂ ਦਿੱਲੀ ਲਈ ਕਈ ਛੋਟੀਆਂ ਤੇ ਦਰਮਿਆਨੀਆਂ ਵਾਲਵੋ ਬੱਸਾਂ ਚੱਲ ਰਹੀਆਂ ਹਨ।
ਮੈਟਰੋ ਈਕੋ ਗਰੀਨ ਰਿਜ਼ੋਰਟਸ ਲਿਮਟਿਡ ਨੇ ਇਥੇ ਕਈ ਟਰਾਂਸਪੋਰਟ ਫਰਮਾਂ ਜਿਵੇਂ ਸਵਾਗਤਮ, ਲਕਸ਼ਮੀ ਹਾਲੀਡੇਅ, ਨਾਰਦਰਨ ਟ੍ਰੈਵਲਜ਼, ਲੀਓ ਟ੍ਰੈਵਲਜ਼, ਤਨਿਸ਼ਕ ਟ੍ਰੈਵਲਜ਼ ਅਤੇ ਅਪਸਰਾ ਟ੍ਰੈਵਲਜ਼ ਖਰੀਦ ਲਈਆਂ ਹਨ। ਇਨ੍ਹਾਂ ਕੰਪਨੀਆਂ ਵੱਲੋਂ ਰੋਜ਼ਾਨਾ ਚਾਰ ਤੋਂ ਵੀਹ ਬੱਸਾਂ ਮਨਾਲੀ, ਧਰਮਸਾਲਾ ਅਤੇ ਦਿੱਲੀ ਨੂੰ ਚਲਾਈਆਂ ਜਾ ਰਹੀਆਂ ਹਨ। ਚੋਣਾਂ ਦੌਰਾਨ ਦਿੱਤੇ ਹਲਫ਼ਨਾਮੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਮੈਟਰੋ ਗ੍ਰੀਨ ਰਿਜ਼ੋਰਟ ਲਿਮਟਿਡ ਦੇ ਭਾਈਵਾਲ ਹਨ।
ਸਵਾਗਤਮ ਟ੍ਰੈਵਲਜ਼ ਦੇ ਮਾਲਕ ਜੋਗਿੰਦਰਪਾਲ ਸ਼ਰਮਾ ਨੇ ਮੰਨਿਆ ਕਿ ਉਨ੍ਹਾਂ ਆਪਣੀ ਕੰਪਨੀ ਈਕੋ ਗ੍ਰੀਨ ਰਿਜ਼ਾਰਟਸ ਲਿਮਟਿਡ ਨੂੰ ਵੇਚ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਉਮਰ 70 ਸਾਲ ਹੈ ਤੇ ਪਰਿਵਾਰ ਵਿੱਚ ਉਨ੍ਹਾਂ ਤੋਂ ਬਾਅਦ ਇਸ ਕਾਰੋਬਾਰ ਨੂੰ ਅੱਗੇ ਤੋਰਨ ਲਈ ਕੋਈ ਮੈਂਬਰ ਨਹੀਂ ਸੀ। ਉਨ੍ਹਾਂ ਕਿਹਾ ਕਿ ਕੰਪਨੀ ਨੂੰ ਵੇਚਣ ਦੇ ਉਨ੍ਹਾਂ ਨੂੰ ਚੰਗੇ ਦਾਮ ਮਿਲੇ ਹਨ।
ਲਕਸ਼ਮੀ ਹਾਲੀਡੇਅ ਕੰਪਨੀ ਦੇ ਮਾਲਕ ਆਨੰਦ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਆਪਣੀ ਕੰਪਨੀ ਬਾਦਲਾਂ ਨੂੰ ਵੇਚ ਦਿੱਤੀ ਹੈ ਤੇ ਇਸ ਲਈ ਉਨ੍ਹਾਂ ’ਤੇ ਕੋਈ ਦਬਾਅ ਨਹੀਂ ਸੀ। ਪ੍ਰੰਤੂ ਸੂਤਰਾਂ ਦਾ ਕਹਿਣਾ ਹੈ ਕਿ ਮਾਲਕਾਂ ਕੋਲੋਂ ਇਹ ਹਲਫਨਾਮਾ ਲਿਆ ਗਿਆ ਹੈ ਕਿ ਉਹ ਹੁਣ ਇਸ ਵਪਾਰ ਵਿੱਚ ਦੁਬਾਰਾ ਨਹੀਂ ਆਉਣੀ। ਹਿਮਾਚਲ ਦੇ ਟਰਾਂਸਪੋਰਟ ਮੰਤਰੀ ਨੇ ਇਸ ਸਬੰਧੀ ਕੋਈ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ।
end-of