
ਮੋਹਾਲੀ: ਮੋਹਾਲੀ ਵਿੱਚ ਕਤਲ ਕੀਤੇ ਗਏ ਸੀਨੀਅਰ ਪੱਤਰਕਾਰ ਕੇ. ਜੇ. ਸਿੰਘ ਅਤੇ ਉਨ੍ਹਾਂ ਦੀ ਮਾਤਾ ਦਾ ਪੋਸਟਮਾਰਟਮ ਤਿੰਨ ਮੈਂਬਰੀ ਡਾਕਟਰਾਂ ਦੀ ਟੀਮ ਵਲੋਂ ਕੀਤਾ ਗਿਆ।
ਚੀਫ ਮੈਡੀਕਲ ਅਫਸਰ ਡਾਕਟਰ ਪਰਮਿੰਦਰਜੀਤ ਸਿੰਘ ਨੇ ਪੋਸਟਮਾਰਟਮ ਤੋਂ ਬਾਅਦ ਦੱਸਿਆ ਕਿ ਮ੍ਰਿਤਕ ਕੇ. ਜੇ. ਸਿੰਘ ਦੇ ਗਲੇ ਅਤੇ ਦਿਲ 'ਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ ਗਏ ਸਨ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਵੀ ਡੂੰਘੇ ਜ਼ਖਮ ਸਨ। ਕੇ. ਜੀ. ਸਿੰਘ ਦੀ ਮੌਤ ਜ਼ਿਆਦਾ ਖੂਨ ਦੇ ਵਹਾਅ ਨਾਲ ਹੋਈ ਹੈ ਜਦਕਿ ਉਨ੍ਹਾਂ ਦੀ ਮਾਤਾ ਦੀ ਮੌਤ ਗਲਾ ਘੁੱਟ ਕੇ ਕੀਤੀ ਗਈ ਹੈ।
ਇੰਡੀਅਨ ਐਕਸਪ੍ਰੈਸ ਤੋਂ ਪੱਤਰਕਾਰੀ ਦਾ ਸਫ਼ਰ ਸ਼ੁਰੂ ਕਰਨ ਵਾਲੇ ਕੇ.ਜੇ. ਸਿੰਘ ਮੁੜ ਟਾਈਮਸ ਆਫ ਇੰਡੀਆ ਨਾਲ ਜੁੜੇ ਰਹੇ। ਕੇ.ਜੇ ਸਿੰਘ ਦਾ ਹਾਲੇ ਵਿਆਹ ਨਹੀਂ ਸੀ ਹੋਇਆ ਉਹ ਅਣਵਿਆਹੇ ਸਨ। ਉਹ ਫੇਜ਼-3 ਬੀ, ਮੋਹਾਲੀ ਸਥਿੱਤ ਘਰ ਵਿਖੇ ਆਪਣੀ ਮਾਤਾ ਗੁਰਚਰਨ ਕੌਰ ਨਾਲ ਰਹਿੰਦੇ ਸਨ।
ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਮੋਹਾਲੀ ਦੇ ਫੇਸ-3 ਬੀ ਸਥਿਤ ਕੋਠੀ ਵਿਚ ਸੀਨੀਅਰ ਪੱਤਰਕਾਰ ਕੇ. ਜੇ. ਸਿੰਘ ਅਤੇ ਉਨ੍ਹਾਂ ਦੀ ਮਾਤਾ ਗੁਰਚਰਨ ਕੌਰ ਦਾ ਅਣਪਛਾਤੇ ਲੋਕਾਂ ਵਲੋਂ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ 'ਤੇ ਨੋਟਿਸ ਲੈਂਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਕੇ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਹਨ।