
ਨਵੀਂ ਦਿੱਲੀ- ਏਅਰਟੈੱਲ ਦੇ ਯੂਜ਼ਰਸ ਨੂੰ ਹੁਣ ਜਹਾਜ਼ 'ਚ ਵੀ ਹਾਈ-ਸਪੀਡ ਡਾਟਾ ਦਾ ਮਜ਼ਾ ਮਿਲੇਗਾ। ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਏਅਰਟੈੱਲ ਨੇ ਉਡਾਣ ਦੌਰਾਨ ਆਪਣੇ ਗਾਹਕਾਂ ਨੂੰ ਇੰਟਰਨੈੱਟ ਸੇਵਾ ਦੇਣ ਲਈ ਕੰਪਨੀਆਂ ਦੇ ਇਕ ਕੌਮਾਂਤਰੀ ਸਮੂਹ ਨਾਲ ਹੱਥ ਮਿਲਾਇਆ ਹੈ। 'ਸੀਮਲੈਸ ਅਲਾਇੰਸ' ਨਾਮ ਦੇ ਇਸ ਕੌਮਾਂਤਰੀ ਸੰਗਠਨ 'ਚ ਵਨਵੈੱਬ, ਏਅਰਬਸ, ਡੇਲਟਾ ਅਤੇ ਸਪ੍ਰਿੰਟ ਸ਼ਾਮਲ ਹਨ।
ਏਅਰਟੈੱਲ ਨੇ ਕਿਹਾ ਕਿ ਕੌਮਾਂਤਰੀ ਸਮੂਹ 'ਸੀਮਲੈਸ ਅਲਾਇੰਸ' 'ਚ ਸ਼ਾਮਲ ਸਾਰੇ ਮੈਂਬਰ ਮਿਲ ਕੇ ਉਡਾਣ ਦੌਰਾਨ ਵੀ ਗਾਹਕਾਂ ਨੂੰ ਹਾਈ-ਸਪੀਡ ਇੰਟਰਨੈੱਟ ਸੇਵਾ ਮੁਹੱਈਆ ਕਰਾਉਣ ਲਈ ਸੈਟੇਲਾਈਟ ਤਕਨੀਕ ਦਾ ਇਸਤੇਮਾਲ ਕਰਨਗੇ। ਏਅਰਟੈੱਲ ਨੇ ਕਿਹਾ ਕਿ ਇਸ ਨਾਲ ਨਵਾਂ ਯੁੱਗ ਸ਼ੁਰੂ ਹੋਵੇਗਾ ਅਤੇ ਮੋਬਾਇਲ ਕੰਪਨੀਆਂ ਜਹਾਜ਼ 'ਚ ਵੀ ਆਪਣੀਆਂ ਸੇਵਾਵਾਂ ਦੇ ਸਕਣਗੀਆਂ।
ਇਸ ਕੌਮਾਂਤਰੀ ਪਹਿਲ ਦਾ ਐਲਾਨ ਐਤਵਾਰ ਨੂੰ ਬਾਰਸੀਲੋਨਾ 'ਚ ਹੋਇਆ। ਇਨ੍ਹਾਂ 5 ਸੰਸਥਾਪਕ ਮੈਂਬਰਾਂ ਦੇ ਇਲਾਵਾ ਇੰਡਸਟਰੀ ਦੇ ਦੂਜੇ ਆਪਰੇਟਰ ਵੀ ਇਸ ਨਾਲ ਜੁੜਨਗੇ। ਸੀਮਲੈਸ ਅਲਾਇੰਸ ਦੇ ਮੈਂਬਰ ਮਿਲ ਕੇ ਡਾਟਾ ਉਪਲੱਬਧ ਕਰਾਉਣ ਲਈ ਬੁਨਿਆਦੀ ਢਾਂਚਾ ਸੁਧਾਰਣ ਅਤੇ ਕੀਮਤਾਂ ਨੂੰ ਘੱਟ ਕਰਨ ਲਈ ਕੰਮ ਕਰਨਗੇ। ਜ਼ਿਕਰਯੋਗ ਹੈ ਕਿ ਏਅਰਟੈੱਲ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਮੋਬਾਇਲ ਆਪਰੇਟਰ ਹੈ, ਜਿਸ ਦਾ ਏਸ਼ੀਆ ਅਤੇ ਅਫਰੀਕਾ ਦੇ 16 ਦੇਸ਼ਾਂ 'ਚ ਕੰਮਕਾਰ ਹੈ।