
15 ਦਸੰਬਰ ਨੂੰ ਪਿੰਡ ਗੁਲਾਬਗੜ੍ਹ ਦੇ ਪੁਲਿਸ-ਗੈਂਗਸਟਰ ਮੁਕਾਬਲੇ 'ਚ ਮਾਰਿਆ ਗਿਆ ਨੌਜਵਾਨ ਪ੍ਰਭਦੀਪ ਸਿੰਘ ਸੁਧਰਨਾ ਚਾਹੁੰਦਾ ਸੀ ਤੇ ਵਿਦੇਸ਼ ਜਾਣ ਦੀ ਇੱਛਾ ਰੱਖਦਾ ਸੀ। ਪ੍ਰਭਦੀਪ ਦੇ ਗੈਂਗਸਟਰ ਹੋਣ ਦੇ ਸਬੂਤ ਹੁਣ ਪੁਲਿਸ ਤੋਂ ਹਾਈ ਕੋਰਟ ਰਾਹੀਂ ਮੰਗੇ ਜਾਣਗੇ। ਇਹ ਪ੍ਰਗਟਾਵਾ ਅੱਜ ਇਥੇ ਪ੍ਰਭਦੀਪ ਸਿੰਘ ਦੀ ਪਤਨੀ ਅਮਨਦੀਪ ਕੌਰ ਨੇ ਕੀਤਾ।
ਅਮਨਦੀਪ ਕੌਰ ਨੇ ਦੱਸਿਆ ਕਿ 14 ਦਸੰਬਰ ਨੂੰ ਉਸ ਦੀ ਪ੍ਰਭਦੀਪ ਨਾਲ ਫੋਨ 'ਤੇ ਗੱਲ ਹੋਈ ਸੀ, ਜੋ ਕਹਿੰਦਾ ਸੀ ਕਿ ਉਹ ਚੰਡੀਗੜ੍ਹ ਦੇ ਲੜਾਈ ਵਾਲੇ ਕੇਸ 'ਚ ਪੁਲਿਸ ਅੱਗੇ ਪੇਸ਼ ਹੋ ਕੇ ਕੇਸ ਨੂੰ ਖਤਮ ਕਰਨ ਵੱਲ ਵਧੇਗਾ। ਉਹ ਹੁਣ ਸੁਧਰਨਾ ਚਾਹੁੰਦਾ ਸੀ ਤੇ ਫਿਰ ਉਨ੍ਹਾਂ ਨੇ ਵਿਦੇਸ਼ ਜਾਣ ਦੀ ਯੋਜਨਾ ਬਣਾਈ ਸੀ ਪਰ ਪੁਲਿਸ ਨੇ ਝੂਠੇ ਮੁਕਾਬਲੇ 'ਚ ਮਾਰ ਦਿੱਤਾ।
ਜੇਕਰ ਪ੍ਰਭਦੀਪ ਜਾਂ ਉਸ ਦੇ ਸਾਥੀਆਂ ਨੇ ਪੁਲਿਸ 'ਤੇ ਗੋਲੀ ਵੀ ਚਲਾਈ ਸੀ ਤਾਂ ਵੀ ਉਸ ਨੂੰ ਮਾਰਨਾ ਜ਼ਰੂਰੀ ਨਹੀਂ ਸੀ। ਉਹ ਉਸ ਨੂੰ ਜ਼ਿੰਦਾ ਵੀ ਫੜ ਸਕਦੀ ਸੀ। ਅਮਨਦੀਪ ਕੌਰ ਦਾ ਕਹਿਣਾ ਹੈ ਕਿ ਪ੍ਰਭਦੀਪ ਸਿੰਘ ਵਿਰੁੱਧ ਚੰਡੀਗੜ੍ਹ 'ਚ ਮਾਮੂਲੀ ਲੜਾਈ ਕਰਨ ਦਾ ਇਕ ਕੇਸ ਜ਼ਰੂਰ ਦਰਜ ਹੈ, ਜਦਕਿ ਉਹ ਹੋਰ ਕਿਸੇ ਵੀ ਕੇਸ 'ਚ ਸ਼ਾਮਲ ਨਹੀਂ ਰਿਹਾ।
ਮੰਨਿਆ ਕਿ ਵਿੱਕੀ ਗੌਂਡਰ ਜਾਂ ਸ਼ੇਰਾ ਖੁੱਬਣ ਗਰੁੱਪ ਦੇ ਕੁਝ ਵਿਅਕਤੀ ਪ੍ਰਭਦੀਪ ਨੂੰ ਮਾਰਨ ਦਾ ਵਿਰੋਧ ਕਰ ਰਹੇ ਹਨ ਤੇ ਉਸ ਨੂੰ ਇਨਸਾਫ ਦਿਵਾਉਣ ਦੀ ਗੱਲ ਵੀ ਕੀਤੀ ਹੈ ਪਰ ਪ੍ਰਭਦੀਪ ਸਿੰਘ ਦਾ ਇਨ੍ਹਾਂ ਨਾਲ ਉੱਕਾ ਹੀ ਸਬੰਧ ਨਹੀਂ ਸੀ। ਇਹ ਤਾਂ ਪ੍ਰਭਦੀਪ ਨੂੰ ਜਾਣਦੇ ਵੀ ਨਹੀਂ। ਪੁਲਿਸ ਨੇ ਆਪਣੇ ਸਟਾਰ ਲਵਾਉਣ ਲਈ ਪ੍ਰਭਦੀਪ ਨੂੰ ਮਾਰ ਦਿੱਤਾ ਅਤੇ ਹੁਣ ਖੁਦ ਨੂੰ ਬਚਾਉਣ ਖਾਤਰ ਉਸ ਨੂੰ ਗੈਂਗਸਟਰ ਕਰਾਰ ਦਿੱਤਾ ਜਾ ਰਿਹਾ ਹੈ।
ਪ੍ਰਭਦੀਪ ਦੇ ਗੈਂਗਸਟਰ ਹੋਣ ਦਾ ਸਬੂਤ ਹਾਈ ਕੋਰਟ 'ਚ ਮੰਗਾਂਗੀ
ਅਮਨਦੀਪ ਕੌਰ ਨੇ ਕਿਹਾ ਕਿ ਉਹ ਆਈ. ਜੀ., ਡੀ. ਆਈ. ਜੀ. ਤੋਂ ਇਲਾਵਾ ਡੀ. ਜੀ. ਪੀ. ਨੂੰ ਵੀ ਮਿਲ ਚੁੱਕੀ ਹੈ ਪਰ ਸੁਣਵਾਈ ਨਹੀਂ ਹੋ ਰਹੀ। ਉਹ ਪੁਲਿਸ ਤੋਂ ਮੰਗ ਕਰ ਰਹੀ ਹੈ ਕਿ ਪ੍ਰਭਦੀਪ ਸਿੰਘ ਦੇ ਗੈਂਗਸਟਰ ਹੋਣ ਦੇ ਸਬੂਤ ਦਿੱਤੇ ਜਾਣ ਪਰ ਪੁਲਿਸ ਉਸ ਨੂੰ ਟਰਕਾ ਰਹੀ ਹੈ। ਇਸ ਲਈ ਹੁਣ ਉਹ ਉਕਤ ਸਬੂਤ ਹਾਈ ਕੋਰਟ ਰਾਹੀਂ ਮੰਗੇਗੀ।
ਪੁਲਿਸ ਸੁਰੱਖਿਆ ਲੈ ਕੇ 24 ਨੂੰ ਪ੍ਰਭਦੀਪ ਦੇ ਭੋਗ 'ਤੇ ਜਾਵਾਂਗੀ
ਅਮਰਦੀਪ ਕੌਰ ਦਾ ਕਹਿਣਾ ਹੈ 16 ਦਸੰਬਰ ਨੂੰ ਉਹ ਪ੍ਰਭਦੀਪ ਸਿੰਘ ਦੀ ਲਾਸ਼ ਲੈਣਾ ਚਾਹੁੰਦੀ ਸੀ ਪਰ ਉਸ ਦਾ ਪਰਿਵਾਰ ਨਹੀਂ ਮੰਨਿਆ। ਫਿਰ ਉਸ ਨੇ ਸਸਕਾਰ 'ਤੇ ਜਾਣ ਦੀ ਮੰਗ ਵੀ ਕੀਤੀ ਪਰ ਪੁਲਿਸ ਨੇ ਉਸ ਦੀ ਫਿਰ ਵੀ ਮੰਗ ਨਹੀਂ ਪੂਰਾ ਕੀਤੀ। ਉਹ ਪੁਲਿਸ ਨੂੰ ਪ੍ਰਭਦੀਪ ਸਿੰਘ ਦੀ ਪਤਨੀ ਹੋਣ ਦੇ ਸਬੂਤ ਵੀ ਦੇ ਚੁੱਕੀ ਹੈ।
ਹੁਣ ਉਹ 24 ਦਸੰਬਰ ਨੂੰ ਪ੍ਰਭਦੀਪ ਸਿੰਘ ਦੇ ਭੋਗ ਸਮਾਗਮ 'ਚ ਜ਼ਰੂਰ ਜਾਵੇਗੀ, ਜਿਸ ਵਾਸਤੇ ਪੁਲਿਸ ਤੋਂ ਸੁਰੱਖਿਆ ਦੀ ਮੰਗ ਵੀ ਕੀਤੀ ਗਈ ਹੈ ਕਿਉਂਕਿ ਪ੍ਰਭਦੀਪ ਸਿੰਘ ਦੇ ਰਿਸ਼ਤੇਦਾਰਾਂ ਤੋਂ ਉਸ ਨੂੰ ਖਤਰਾ ਹੈ। ਉਹ ਆਪਣੀ ਸੱਸ ਨੂੰ ਵੀ ਮਿਲਣਾ ਚਾਹੁੰਦੀ ਹੈ, ਜਿਸ ਨਾਲ ਉਸ ਦੀ ਗੱਲ ਵੀ ਨਹੀਂ ਕਰਵਾਈ ਜਾ ਰਹੀ ਹੈ।