
ਪੁਲਿਸ ਸਦਰ ਥਾਣਾ ਖੰਨਾ ਵਿਚ ਪੁਲਿਸ ਦੇ ਉਸ ਵੇਲੇ ਹੋਸ਼ ਉੱਡ ਗਏ, ਜਦੋਂ ਉੱਥੇ ਪਹੁੰਚੀ ਇਕ ਔਰਤ ਨੇ ਆਪਣੇ ਆਪ ਨੂੰ ਗੈਂਗਸਟਰ ਦੱਸ ਥਾਣੇ 'ਚ ਆ ਕੇ ਆਪਣੀ ਫੋਟੋ ਥਾਣੇ ਅੰਦਰ ਲਗਾਉਣ ਲਈ ਕਿਹਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਇਕ ਔਰਤ ਅੱਜ ਸਦਰ ਥਾਣੇ 'ਚ ਆਈ ਤੇ ਆਉਂਦੇ ਹੀ ਆਖਣ ਲੱਗੀ,''ਮੈਂ ਗੈਂਗਸਟਰ ਹਾਂ, ਮੇਰੀ ਫੋਟੋ ਤੁਸੀਂ ਥਾਣੇ ਅੰਦਰ ਲਗਾਓ।''
ਉਨ੍ਹਾਂ ਦੱਸਿਆ ਕਿ ਪੁਲਿਸ ਮੁਲਾਜ਼ਮ ਪਹਿਲਾਂ ਤਾਂ ਉਸ ਦੀ ਗੱਲ ਸੁਣ ਕੇ ਹੈਰਾਨ ਰਹਿ ਗਏ ਪਰ ਫਿਰ ਅਚਾਨਕ ਉਕਤ ਔਰਤ ਹੋਰ ਕਈ ਤਰ੍ਹਾਂ ਦੀਆਂ ਅਜੀਬ ਗੱਲਾਂ ਕਰਨ ਲੱਗੀ। ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੂੰ ਇਹ ਸਮਝਣ 'ਚ ਦੇਰੀ ਨਹੀਂ ਲੱਗੀ ਕਿ ਔਰਤ ਮਾਨਸਿਕ ਤੌਰ 'ਤੇ ਠੀਕ ਨਹੀਂ ਹੈ।
ਜਿਸ ਤੋਂ ਬਾਅਦ ਉਸ ਤੋਂ ਗੱਲਾਂ-ਗੱਲਾਂ 'ਚ ਉਸਦੀ ਰਿਹਾਇਸ਼ ਦਾ ਪਤਾ ਕੀਤਾ ਗਿਆ, ਤਾਂ ਉਹ ਦਲੀਪ ਸਿੰਘ ਨਗਰ, ਮੰਡੀ ਗੋਬਿੰਦਗੜ੍ਹ ਦੀ ਰਹਿਣ ਵਾਲੀ ਹੈ।
ਏ. ਐੱਸ. ਆਈ. ਨੇ ਦੱਸਿਆ ਕਿ ਇਸ ਤੋਂ ਬਾਅਦ ਮੁਲਾਜ਼ਮਾਂ ਨੇ ਉਕਤ ਔਰਤ ਨੂੰ ਗੱਡੀ 'ਚ ਬੈਠਾ ਕੇ ਦਲੀਪ ਸਿੰਘ ਨਗਰ, ਮੰਡੀ ਗੋਬਿੰਦਗੜ੍ਹ ਵਿਖੇ ਲਜਾਇਆ ਗਿਆ, ਜਿਥੇ ਲੋਕਾਂ ਵਲੋਂ ਉਸਦੀ ਪਛਾਣ ਕਰ ਲਈ ਗਈ ਤੇ ਔਰਤ ਨੂੰ ਉਸਦੇ ਘਰ ਪਹੁੰਚਾ ਦਿੱਤਾ ਗਿਆ।