
ਹੈਦਰਾਬਾਦ, 6 ਮਾਰਚ: ਅਪਣੇ ਪੁੱਤਰ ਵਲੋਂ ਮੋਬਾਈਲ 'ਤੇ ਫ਼ਿਲਮਾਂ ਵੇਖਣ ਦੀ ਆਦਤ ਤੋਂ ਪ੍ਰੇਸ਼ਾਨ ਵਿਅਕਤੀ ਨੇ ਅੱਜ ਅਪਣੇ ਪੁੱਤਰ ਦਾ ਸੱਜਾ ਹੱਥ ਵੱਢ ਦਿਤਾ। ਪੁੱਤਰ ਦੀ ਆਦਤ 'ਤੇ ਪਿਉ-ਪੁੱਤਰ ਵਿਚਾਲੇ ਬਹਿਸ ਹੋਈ ਸੀ ਜਿਸ ਤੋਂ ਬਾਅਦ ਪਿਉ ਨੇ ਪੁੱਤਰ ਦਾ ਹੱਥ ਵੱਢ ਦਿਤਾ। ਕਸਾਈ 45 ਸਾਲਾ ਕਾਯੁਮ ਕੁਰੈਸ਼ੀ ਨੂੰ ਅੱਜ ਸਵੇਰੇ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਦਸਿਆ ਕਿ ਕੁਰੈਸ਼ੀ ਨੇ 18 ਸਾਲਾ ਪੁੱਤਰ ਦਾ ਹੱਥ ਵੱਢ ਦਿਤਾ ਹੈ। ਕੁਰੈਸ਼ੀ ਦਾ ਪੁੱਤਰ ਕੇਬਲ ਆਪਰੇਟਰ ਦਾ ਕੰਮ ਕਰਦਾ ਹੈ ਅਤੇ ਹਾਲ ਹੀ ਵਿਚ ਉਸ ਨੇ ਸਮਾਰਟ ਫ਼ੋਨ ਖ਼ਰੀਦਿਆ ਸੀ।
ਉਹ ਅਪਣੇ ਪਿਤਾ ਵਲੋਂ ਕਈ ਵਾਰ ਰੋਕਣ ਦੇ ਬਾਵਜੂਦ ਮੋਬਾਈਲ 'ਤੇ ਫ਼ਿਲਮਾਂ ਵੇਖਦਾ ਹੁੰਦਾ ਸੀ। ਦੋ ਦਿਨ ਪਹਿਲਾਂ ਹੀ ਇਸ ਗੱਲ 'ਤੇ ਪਿਉ-ਪੁੱਤਰ ਵਿਚਾਲੇ ਕਾਫ਼ੀ ਬਹਿਸ ਹੋਈ ਸੀ। ਪੁਲਿਸ ਨੇ ਦਸਿਆ ਕਿ ਇਸ ਬਹਿਸ ਤੋਂ ਬਾਅਦ ਕੁਰੈਸ਼ੀ ਨੇ ਅਪਣੇ ਪੁੱਤਰ ਦਾ ਹੱਥ ਉਸ ਸਮੇਂ ਵੱਢਿਆ ਜਦ ਉਹ ਸੁੱਤਾ ਪਿਆ ਸੀ। ਪੀੜਤ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। (ਏਜੰਸੀ)