
ਦਿੱਲੀ, 19 ਜਨਵਰੀ : ਦਿੱਲੀ ਦੀ ਅਦਾਲਤ ਨੇ ਇਕ ਵਿਅਕਤੀ ਨੂੰ ਸ਼ਰਾਬ ਪੀਣ ਮਗਰੋਂ ਅਪਣੀ ਪੰਜ ਸਾਲਾ ਪੁਤਰੀ ਦਾ ਜਿਮਸਾਨੀ ਸ਼ੋਸ਼ਣ ਕਰਨ ਲਈ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਕਿਹਾ ਕਿ ਇਸ ਦਾ ਕੋਈ ਕਾਰਨ ਨਹੀਂ ਹੈ ਕਿ ਬੱਚੀ ਐਵੇਂ ਹੀ ਅਪਣੇ ਪਿਤਾ ਨੂੰ ਫਸਾਏ। ਵਧੀਕ ਸੈਸ਼ਨ ਜੱਜ ਗੁਰਦੀਪ ਸਿੰਘ ਨੇ ਵਿਅਕਤੀ ਨੂੰ 12 ਸਾਲ ਤੋਂ ਘੱਟ ਉਮਰ ਦੀ ਕੁੜੀ ਨਾਲ ਬਲਾਤਕਾਰ ਅਤੇ ਪਾਕਸੋ ਕਾਨੂੰਨ ਤਹਿਤ ਗੰਭੀਰ ਜਿਸਮਾਨੀ ਸ਼ੋਸ਼ਣ ਅਪਰਾਧਾਂ ਦਾ ਦੋਸ਼ੀ ਪਾਇਆ।
ਜੱਜ ਨੇ ਕਿਹਾ, 'ਦੋਸ਼ੀ ਨੇ ਅਪਣੀ ਹੀ ਪੁਤਰੀ ਨਾਲ ਬਲਾਤਕਾਰ ਕੀਤਾ ਹੈ ਜੋ ਅਪਰਾਧ ਦੇ ਸਮੇਂ ਮਹਿਜ਼ ਪੰਜ ਸਾਲ ਦੀ ਸੀ।' ਮੁਦਈ ਧਿਰ ਮੁਤਾਬਕ ਵਿਅਕਤੀ ਅਪਣੀ ਪਤਨੀ ਦੇ ਗੁਜ਼ਰ ਜਾਣ ਮਗਰੋਂ ਪੁਤਰੀ ਨਾਲ ਰਹਿੰਦਾ ਸੀ। 14 ਨਵੰਬਰ 2013 ਨੂੰ ਸ਼ਰਾਬ ਪੀਣ ਮਗਰੋਂ ਉਸ ਨੇ ਉਸ ਨਾਲ ਬਲਾਤਕਾਰ ਕੀਤਾ। ਬੱਚੀ ਨੇ ਅਗਲੇ ਦਿਨ ਰਿਸ਼ਤੇਦਾਰਾਂ ਨੂੰ ਦਸਿਆ ਜਿਸ ਮਗਰੋਂ ਸ਼ਿਕਾਇਤ ਦਰਜ ਕਰਾਈ ਗਈ। ਅਦਾਲਤ ਨੇ ਕਿਹਾ ਕਿ ਬੱਚੀ ਅਪਣੀ ਮਾਂ ਦੇ ਦੇਹਾਂਤ ਮਗਰੋਂ ਅਪਣੇ ਪਿਤਾ ਨਾਲ ਹੀ ਰਹਿੰਦੀ ਸੀ ਅਤੇ ਕਿਸੇ ਬੇਗਾਨੇ ਦੇ ਇਸ਼ਾਰੇ 'ਤੇ ਉਸ ਵਿਰੁਧ ਝੂਠਾ ਮਾਮਲਾ ਦਰਜ ਕਰਾਉਣ ਦਾ ਕੋਈ ਕਾਰਨ ਨਹੀਂ ਹੈ। ਅਦਾਲਤ ਨੇ ਪੀੜਤਾ ਨੂੰ 7.5 ਲੱਖ ਰੁਪਏ ਦਾ ਮੁਆਵਜ਼ਾ ਵੀ ਦਿਤੇ ਜਾਣ ਦਾ ਹੁਕਮ ਦਿਤਾ। (ਏਜੰਸੀ)