
ਨਵੀਂ ਦਿੱਲੀ- ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਅਹੁਦੇ ਨੂੰ ਸੰਭਾਲਣ ਦੇ ਕੁਝ ਦਿਨਾਂ ਬਾਅਦ ਹੀ ਐਕਸ਼ਨ 'ਚ ਦਿਖਾਈ ਦੇਣ ਲੱਗੇ ਹਨ ਅਤੇ ਬੁੱਧਵਾਰ ਨੂੰ ਉਨ੍ਹਾਂ ਨੇ ਫੀਫਾ ਅੰਡਰ-17 ਫੁੱਟਬਾਲ ਵਿਸ਼ਵ ਕੱਪ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਅਚਾਨਕ ਜਵਾਹਰਲਾਲ ਨਹਿਰੂ ਸਟੇਡੀਅਮ ਦਾ ਦੌਰਾ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਮੋਦੀ ਸਰਕਾਰ ਨੇ ਐਤਵਾਰ ਨੂੰ ਹੋਏ ਮੰਤਰੀ ਮੰਡਲ ਦੇ ਵਿਸਥਾਰ 'ਚ ਵਿਜੇ ਗੋਇਲ ਦੀ ਜਗ੍ਹਾ ਰਾਠੌੜ ਨੂੰ ਨਵਾਂ ਖੇਡ ਮੰਤਰੀ ਬਣਾਇਆ ਹੈ। ਇਸ ਅਹੁਦੇ ਨੂੰ ਸੰਭਾਲਣ ਵਾਲੇ ਦੇਸ਼ ਦੇ ਪਹਿਲੇ ਖਿਡਾਰੀ ਰਾਠੌੜ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਪਹਿਲੀ ਵਾਰ ਆਯੋਜਿਤ ਹੋ ਰਹੇ ਫੀਫਾ ਟੂਰਨਾਮੈਂਟ ਨੂੰ ਸਫਲਤਾ ਨਾਲ ਪੂਰਾ ਕਰਨਾ ਹੈ ਜੋ 6 ਤੋਂ 28 ਅਕਤੂਬਰ ਤੱਕ ਖੇਡਿਆ ਜਾਣਾ ਹੈ।
2004 ਏਥੇਂਸ ਓਲੰਪਿਕ ਦੇ ਚਾਂਦੀ ਤਮਗਾ ਜੇਤੂ ਨਿਸ਼ਾਨੇਬਾਜ਼ ਰਾਠੌੜ ਨੇ ਆਪਣੇ ਅਚਾਨਕ ਦੌਰੇ 'ਚ ਸਟੇਡੀਅਮ ਦਾ ਰਖ-ਰਖਾਅ ਕਰਨ ਵਾਲੇ ਭਾਰਤੀ ਖੇਡ ਅਥਾਰਿਟੀ (ਸਾਈ) ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਫੀਫਾ ਵਿਸ਼ਵ ਕੱਪ ਦੇ ਦੌਰਾਨ ਸਟੇਡੀਅਮ 'ਚ ਸੰਸਾਰਿਕ ਪੱਧਰ ਦੀਆਂ ਸਹੂਲਤਾਂ ਦਿਵਾਉਣ ਦੇ ਲਈ ਕਿਹਾ ਹੈ।