
ਨਵੀਂ ਦਿੱਲੀ, 28 ਦਸੰਬਰ: ਰੇਲਵੇ ਦੇ ਤਤਕਾਲ ਰਾਖਵਾਂਕਰਨ ਤੰਤਰ ਨੂੰ ਢਹਿਢੇਰੀ ਕਰਦਿਆਂ ਇਕ ਹੀ ਵਾਰ 'ਚ ਸੈਂਕੜੇ ਟਿਕਟਾਂ ਰਾਖਵੀਆਂ ਕਰਨ ਵਾਲੇ ਨਾਜਾਇਜ਼ ਸਾਫ਼ਟਵੇਅਰ ਦਾ ਨਿਰਮਾਣ ਕਰਨ ਦਾ ਦੋਸ਼ੀ ਸੀ.ਬੀ.ਆਈ. ਅਧਿਕਾਰੀ ਅਤੇ ਉਸ ਦਾ ਸਹਿਯੋਗੀ ਪੂਰੇ ਦੇਸ਼ 'ਚ ਕੰਮ ਕਰ ਰਹੇ ਸਨ।
ਸੀ.ਬੀ.ਆਈ. ਦੇ ਬੁਲਾਰੇ ਅਭਿਸ਼ੇਕ ਦਿਆਲ ਨੇ ਕਲ ਕਿਹਾ ਸੀ ਕਿ ਸੀ.ਬੀ.ਆਈ. ਨੇ ਅਪਣੇ ਸਹਾਹਿਕ ਪ੍ਰੋਗਰਾਮਰ ਅਜੈ ਗਰਗਰ ਅਤੇ ਉਸ ਦੇ ਮੁੱਖ ਸਹਿਯੋਗੀ ਅਨਿਲ ਗੁਪਤਾ ਨੂੰ ਸਾਫ਼ਟਵੇਅਰ ਵਿਕਸਤ ਕਰਲ ਅਤੇ ਰੁਪਏ ਬਦਲੇ ਸਾਫ਼ਟਵੇਅਰ ਵੰਡਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ।
ਸੂਤਰਾਂ ਨੇ ਕਿਹਾ ਕਿ ਏਜੰਸੀ ਨੇ ਗਰਗ ਅਤੇ ਗੁਪਤਾ ਨੂੰ ਉੱਤਰ ਪ੍ਰਦੇਸ਼ ਦੇ ਜੌਨਪੁਰ ਤੋਂ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਨੂੰ ਕਲ ਸ਼ਾਮ ਇੱਥੇ ਲਿਆਂਦਾ ਗਿਆ। ਉਸ ਤੋਂ ਕਲ ਦੇਰ ਰਾਤ ਤਕ ਪੁੱਛ-ਪੜਤਾਲ ਕੀਤੀ ਗਈ ਜਿਸ ਦੌਰਾਨ ਉਨ੍ਹਾਂ ਦਸਿਆ ਕਿ ਉਨ੍ਹਾਂ ਦਾ ਨੈੱਟਵਰਕ ਪੂਰੇ ਦੇਸ਼ 'ਚ ਫੈਲਿਆ ਹੋਇਆ ਸੀ। ਏਜੰਸੀ ਨੇ ਹੁਣ ਤਕ 10 ਅਜਿਹੇ ਟਰੈਵਲ ਏਜੰਟਾਂ ਦੀ ਪਛਾਣ ਕੀਤੀ ਗਈ ਹੈ ਜੋ ਨੈੱਟਵਰਕ ਦਾ ਹਿੱਸਾ ਸਨ। ਸਾਫ਼ਟਵੇਅਰ ਦਾ ਮੌਜੂਦਾ ਸੰਸਕਰਨ ਲਗਭਗ ਇਕ ਸਾਲ ਪਹਿਲਾਂ ਤਿਆਰ ਕੀਤਾ ਗਿਆ ਸੀ। ਸੂਤਰਾਂ ਅਨੁਸਾਰ ਗਰਗ ਵਲੋਂ ਵਿਕਸਤ ਇਸ ਪ੍ਰਣਾਲੀ ਦਾ ਪ੍ਰਯੋਗ ਕਰ ਕੇ ਟਿਕਟ ਬੁਕ ਕਰਵਾਉਣ ਵਾਲੇ ਟਰੈਵਲ ਏਜੰਟਾਂ ਤੋਂ ਪੈਸੇ ਬਿਟਕੁਆਇਨ ਅਤੇ ਹਵਾਲਾ ਜ਼ਰੀਏ ਲਏ ਜਾ ਰਹੇ ਸਨ ਤਾਕਿ ਉਹ ਨਿਗਰਾਨੀ ਦੇ ਘੇਰੇ 'ਚ ਨਾ ਆਉਣ।
ਸਾਫ਼ਟਵੇਅਰ ਇੰਜੀਨੀਅਰ ਗਰਗ ਨੇ 2012 'ਚ ਸੀ.ਬੀ.ਆਈ. 'ਚ ਸਹਾਇਕ ਪ੍ਰੋਗਰਾਮਰ ਵਜੋਂ ਅਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ ਸਨ। ਇਸ ਤੋਂ ਪਹਿਲਾਂ ਉਹ ਆਈ.ਆਰ.ਸੀ.ਟੀ.ਸੀ. ਲਈ ਕੰਮ ਕਰਦਾ ਸੀ। ਗਰਗ ਨੂੰ ਇਥੇ ਕੰਮ ਕਰਨ ਦੌਰਾਨ ਹੀ ਟਿਕਟ ਬੁਕ ਕਰਨ ਬਾਰੇ ਸਾਫ਼ਟਵੇਅਰ 'ਚ ਕਮਜ਼ੋਰੀਆਂ ਦਾ ਪਤਾ ਲੱਗ ਗਿਆ ਸੀ।ਆਈ.ਆਰ.ਸੀ.ਟੀ.ਸੀ. ਪ੍ਰਣਾਲੀ 'ਚ ਹੁਣ ਵੀ ਇਹ ਕਮਜ਼ੋਰੀਆਂ ਮੌਜੂਦ ਸਨ ਅਤੇ ਇਸੇ ਕਰ ਕੇ ਉਸ ਦੇ ਸਾਫ਼ਟਵੇਅਰ ਜ਼ਰੀਏ ਇਕੱਠੀਆਂ ਸੈਂਕੜੇ ਟਿਕਟਾਂ ਬੁਕ ਕੀਤੀਆਂ ਜਾ ਸਕਦੀਆਂ ਸਨ।
(ਪੀਟੀਆਈ)