
ਦੋਰਾਹਾ/ਪਾਇਲ, 14 ਦਸੰਬਰ (ਲਾਲ ਸਿੰਘ ਮਾਂਗਟ): 10 ਮਹੀਨੇ ਪਹਿਲਾਂ ਗੋਲੀਆਂ ਮਾਰ ਕੇ ਕਤਲ ਕੀਤੇ ਪਿੰਡ ਨਾਨਕਪੁਰ ਜਗੇੜਾ ਵਿਖੇ ਡੇਰਾ ਸੱਚਾ ਸੌਦਾ ਸਿਰਸਾ ਦੇ ਕੰਟੀਨ ਚਲਾ ਰਹੇ ਪਿਉ-ਪੁੱਤ ਦੇ ਕਤਲ ਮਾਮਲੇ ਵਿਚ ਕਥਿਤ ਦੋਸ਼ੀ ਤਲਜੀਤ ਸਿੰਘ ਜਿੰਮੀ ਨੂੰ ਪਾਇਲ ਦੀ ਅਦਾਲਤ ਵਿਚ ਪੇਸ਼ ਕਰਨ ਮੌਕੇ ਪਰਵਾਰਕ ਜੀਆਂ ਦੀ ਦਰਦ ਭਰੀ ਦਾਸਤਾਨ ਸਾਹਮਣੇ ਆਈ। ਇਸ ਮੌਕੇ ਅਪਣੇ ਪੁੱਤਰ ਨੂੰ ਸਰਹੱਦੀ ਸੂਬੇ ਜੰਮੂ ਤੋਂ ਲੰਮਾ ਪੈਂਡਾ ਤਹਿ ਕਰ ਕੇ ਮਿਲਣ ਆਈ ਮਾਂ ਨੂੰ 9 ਸਾਲਾਂ ਦੇ ਲੰਮੇ ਅਰਸੇ ਤੋਂ ਬਾਅਦ ਵੀ ਅਪਣੇ ਪੁੱਤ ਨੂੰ ਬੁੱਕਲ ਵਿਚ ਲੈਣਾ ਨਸੀਬ ਨਾ ਹੋਇਆ। ਜਾਣਕਾਰੀ ਅਨੁਸਾਰ ਜਿੰਮੀ ਦੀ ਮਾਤਾ ਮਨਜੀਤ ਕੌਰ ਅਪਣੀ ਦਰਾਣੀ ਤੇ ਹੋਰ ਪਰਵਾਰਕ ਜੀਆਂ ਨਾਲ ਜਿੰਮੀ ਦੇ ਪੁਲਿਸ ਰੀਮਾਂਡ ਖ਼ਤਮ ਹੋਣ ਮੌਕੇ ਅਦਾਲਤ ਵਿਚ ਪੇਸ਼ੀ ਸਮੇਂ ਇਸ ਭਾਵਨਾ ਨਾਲ ਇਥੇ ਪੁੱਜੀ ਸੀ ਕਿ ਸ਼ਾਇਦ ਉਹ ਅਪਣੇ ਪੁੱਤਰ ਨਾਲ ਦੋ ਬੋਲ ਸਾਂਝੇ ਕਰ ਲਵੇਗੀ। ਜਿੰਮੀ ਦੀ ਮਾਤਾ ਮਨਜੀਤ ਕੌਰ ਨੇ ਗੱਲ ਕਰਦਿਆਂ ਅੱਖਾਂ 'ਚੋਂ ਹਂੰਝੂ ਕੇਰਦਿਆਂ ਦਸਿਆ ਕਿ ਜਿੰਮੀ ਉਦੋਂ 17 ਵਰ੍ਹਿਆਂ ਦਾ ਸੀ ਜਦੋਂ 12ਵੀਂ ਪਾਸ ਕਰਨ ਸਾਰ ਵਿਦੇਸ਼ ਚਲਾ ਗਿਆ। ਖੇਤੀਬਾੜੀ ਕਰਦੇ ਪਰਵਾਰ ਨੇਮੁਸ਼ਕਲ ਨਾਲ ਪੈਲੀ ਵੇਚ ਕੇ ਜਿੰਮੀ ਨੂੰ ਇਸ ਆਸ ਨਾਲ ਤੋਰਿਆ ਸੀ ਕਿ ਸ਼ਾਇਦ ਪਰਵਾਰ ਦੇ ਘਰ ਦੇ ਹਲਾਤ ਸੁਧਰ ਜਾਣਗੇ। ਮਾਤਾ ਨੇ ਭਾਵਕ ਹੁੰਦਿਆਂ ਦਸਿਆ ਕਿ ਉਹ 9 ਸਾਲ ਅਪਣੇ ਪੁੱਤਰ ਦਾ ਵਿਆਹ ਕਰਨ ਬਾਰੇ ਚੰਗਾ ਦਿਨ ਆਉਣ ਦੀ ਆਸ ਕਰਦੀ ਰਹੀ ਪਰ ਕਿਸਮਤ ਪਤਾ ਨਹੀਂ ਉਸ ਨੂੰ ਕਿਸ ²ਗ਼ਲਤ ਪਾਸੇ ਲੈ ਗਈ। ਮਾਤਾ ਅਨੁਸਾਰ ਅਜਿਹਾ ਅੱਜ ਵੀ ਨਹੀਂ ਹੈ ਉਸ ਨੂੰ ਜਾਣ ਬੁੱਝ ਕੇ ਫਸਾਇਆ ਗਿਆ ਹੈ। ਮਾਤਾ ਨੇ ਦਸਿਆ ਕਿ ਉਨ੍ਹਾਂ ਅਪਣੇ ਪੁੱਤਰ ਨੂੰ ਵਿਆਹ ਕਰਵਾਉਣ ਲਈ ਹੀ ਵਾਪਸ ਬੁਲਾਇਆ ਸੀ ਤੇ ਜਿੰਮੀ ਦੇ ਵਿਆਹ ਦਾ ਪਰਵਾਰਕ ਮੈਂਬਰਾਂ ਤੋਂ ਇਲਾਵਾ ਉਨ੍ਹਾਂ ਦੇ ਜੰਮੂ ਵਿਚ ਪੈਂਦੇ ਸਰਹੱਦੀ ਪਿੰਡ ਬਾਗਲਿਆਣਾ ਦੇ ਲੋਕਾਂ ਨੂੰ ਵੀ ਬਹੁਤ ਚਾਅ
ਸੀ। ਇਸ ਲਈ ਕਿ ਜਿੰਮੀ ਧਾਰਮਕ ਤੇ ਸਮਾਜਸੇਵੀ ਕਾਰਜਾਂ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਉਂਦਾ ਸੀ ਤਾਂ ਹੀ ਸਾਰੇ ਪਿੰਡ ਵਾਸੀ ਉਸ ਦੀ ਖ਼ੁਸ਼ੀ ਵਿਚ ਸ਼ਾਮਲ ਹੋਣਾ ਚਾਹੁੰਦੇ ਸਨ। ਪਰਵਾਰਕ ਜੀਆਂ ਦਾ ਕਹਿਣਾ ਹੈ ਕਿ ਉਹ ਕਾਨੂੰਨੀ ਲੜਾਈ ਲੜਨਗੇ ਅਤੇ ਆਸ ਹੈ ਕਿ ਦੇਸ਼ ਦਾ ਕਾਨੂੰਨ ਉਨ੍ਹਾਂ ਨੂੰ ਇਨਸਾਫ਼ ਦੇਵੇਗਾ ਤੇ ਪਰਵਾਰ ਵਿਚ ਮੁੜ ਖ਼ੁਸ਼ੀਆਂ ਪਰਤਣਗੀਆਂ। ਅਪਣੇ ਪੁੱਤ ਦੀ ਪੂਰੀ ਠੋਸ ਪੈਰਵੀ ਕਰਦਿਆਂ ਮਾਤਾ ਨੇ ਕਿਹਾ ਕਿ ਉਸ ਦਾ ਪੁੱਤਰ ਬੇਕਸੂਰ ਹੈ, ਉਨ੍ਹਾਂ ਦੇ ਪਿੰਡ ਤੇ ਇਲਾਕੇ ਵਿਚ ਕੋਈ ਇਕ ਵਿਅਕਤੀ ਵੀ ਇਸ ਨੂੰ ਗ਼ਲਤ ਆਖ ਦੇਵੇ ਤਾਂ ਉਸ ਨੂੰ ਕੋਈ ਵੀ ਸਜ਼ਾ ਦੇ ਦਿਤੀ ਜਾਵੇ। ਪਰਵਾਰਕ ਮੈਂਬਰਾਂ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਜਿੰਮੀ ਦੇ ਵਿਦੇਸ਼ ਤੋਂ ਪਰਤਣ ਤੋਂ ਪਹਿਲਾਂ ਉਸ ਦੇ ਚਾਚੇ ਦੇ ਪੁੱਤ ਨੂੰ ਪੁਲਿਸ ਵਲੋਂ ਚੁੱਕਿਆ ਗਿਆ ਸੀ ਜਦਕਿ ਜਿੰਮੀ ਨੂੰ ਵਤਨ ਪਰਤਣ ਮੌਕੇ ਏਅਰਪੋਰਟ ਤੋਂ ਹੀ ਹਿਰਾਸਤ ਵਿਚ ਲੈ ਲਿਆ ਸੀ। ਅੱਜ ਅਦਾਲਤ ਵਿਚ ਜਿੰਮੀ ਵਲੋਂ ਬਚਾਅ ਪੱਖ ਦੇ ਵਕੀਲ ਜਸਵੀਰ ਸਿੰਘ ਔਜਲਾ ਪੇਸ਼ ਹੋਏ ਜਿਨ੍ਹਾਂ ਨੇ ਹੋਰ ਪੁਲਿਸ ਰੀਮਾਂਡ ਦਾ ਵਿਰੋਧ ਕੀਤਾ ਤੇ ਕਿਹਾ ਕਿ ਪਹਿਲਾਂ ਹੀ ਜਿੰਮੀ ਲੰਮੇ ਸਮਂੇ ਤੋਂ ਪੁਲਿਸ ਰੀਮਾਂਡ 'ਤੇ ਹੈ, ਇਸ ਲਈ ਹੋਰ ਪੁਲਿਸ ਰੀਮਾਂਡ ਵਾਜਬ ਨਹੀਂ ਹੈ। ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਵਲੋਂ ਜਿੰਮੀ ਨੂੰ 27 ਦਸੰਬਰ ਤਕ ਜੁਡੀਸ਼ੀਅਲ ਰੀਮਾਂਡ 'ਤੇ ਭੇਜ ਦਿਤਾ ਹੈ। ਕਤਲ ਕਾਂਡ ਨਾਲ ਸਬੰਧਤ ਥਾਣਾ ਮਲੌਦ ਦੇ ਮੁੱਖ ਅਫ਼ਸਰ ਹਰਦੀਪ ਸਿੰਘ ਚੀਮਾ ਮੁਤਾਬਕ ਪੁਲਿਸ ਵਲੋਂ ਰੀਮਾਂਡ ਦੌਰਾਨ ਜਿੰਮੀ ਨੇ ਵਿਦੇਸ਼ਾਂ ਵਿਚ ਬੈਠਿਆਂ ਹੋਰ ਮੁਲਜ਼ਮਾਂ ਨੂੰ ਵਿੱਤੀ ਸਹਾਇਤਾ ਕਿੱਥੇ ਕਿਵੇਂ ਤੇ ਕਿਉਂ ਦਿਤੀ ਬਾਰੇ ਬਾਰੀਕੀ ਨਾਲ ਜਾਣਕਾਰੀ ਮਿਲੀ ਹੈ। ਉਨ੍ਹਾਂ ਦਸਿਆ ਕਿ ਇਸ ਰੀਮਾਂਡ ਦਾ ਮਤਲਬ ਸਿਰਫ਼ ਕੇਸ ਦੀਆਂ ਗੁੱਝੀਆਂ ਵਿੱਤੀ ਯੋਜਨਾਵਾਂ ਬਾਰੇ ਜਾਨਣ ਦੀ ਹੀ ਸੀ। ਇਸ ਸਮੇਂ ਡੀਐਸਪੀ ਪਾਇਲ ਰਛਪਾਲ ਸਿੰਘ ਢੀਂਡਸਾ, ਚੌਕੀ ਸਿਆੜ ਦੇ ਇੰਚਾਰਜ ਸੁਖਵਿੰਦਰ ਸਿੰਘ ਤੇ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ।