
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਵਲੋਂ ਇਹ ਫੈਸਲਾ ਕੀਤਾ ਹੈ ਕਿ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਕਰਵਾਏ ਜਾ ਰਹੇ ਸ਼ਹੀਦੀ ਜੋੜ ਮੇਲੇ ਦੌਰਾਨ ਪਾਰਟੀ ਵਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਸਿਆਸੀ ਕਾਨਫਰੰਸ ਨਹੀਂ ਕਰਵਾਈ ਜਾਵੇਗੀ।
ਇਸ ਬਾਰੇ ਕੈਪਟਨ ਨੇ ਹੋਰ ਕਿਹਾ ਕਿ ਇਹ ਸਮਾਂ ਹੈ ਕਿ ਸਾਨੂੰ ਸਾਰਿਆਂ ਨੂੰ ਅਜਿਹੇ ਸਮਾਗਮਾਂ ਦਾ ਸਿਆਸੀਕਰਨ ਨਹੀਂ ਹੋਣ ਦੇਣਾ ਚਾਹੀਦਾ। ਮੈਂ ਸਾਰੀਆਂ ਪਾਰਟੀਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਮੌਕੇ ਕਿਸੇ ਤਰ੍ਹਾਂ ਦੀ ਕੋਈ ਵੀ ਸਿਆਸੀ ਸਟੇਜ ਨਹੀਂ ਲਗਾਈ ਜਾਵੇ।
ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਸ਼ਹੀਦੀ ਜੋੜ ਮੇਲੇ 'ਤੇ ਸਿਆਸੀ ਦਲਾਂ ਨੂੰ ਸਿਆਸੀ ਸਟੇਜਾਂ ਨਾ ਲਗਾਉਣ ਦੀ ਹਦਾਇਤ ਕੀਤੀ ਹੈ।
ਵੀਰਵਾਰ ਨੂੰ ਜਾਰੀ ਆਪਣੇ ਬਿਆਨ 'ਚ ਗੁਰਬਚਨ ਸਿੰਘ ਨੇ ਕਿਹਾ ਕਿ ਸਿਰਫ ਧਾਰਮਿਕ ਸਟੇਜਾਂ ਰਾਹੀਂ ਹੀ ਸੰਗਤਾਂ ਨੂੰ ਗੁਰੂ ਇਤਿਹਾਸ ਤੇ ਸਿੱਖ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਵੇ। ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਲੋਂ ਪਹਿਲਾਂ ਹੀ ਸ਼ਹੀਦੀ ਜੋੜ ਮੇਲੇ ਮੌਕੇ ਸਿਆਸੀ ਕਾਨਫਰੰਸ ਨਾ ਕਰਨ ਦਾ ਫੈਸਲਾ ਲਿਆ ਜਾ ਚੁੱਕਾ ਹੈ।