
ਸਾਰੇ ਸਕੂਲਾਂ 'ਚ ਲੱਗਣਗੇ ਸਮਾਰਟ ਬੋਰਡਸਕੂਲਾਂ ਨੂੰ ਸਮਾਰਟ ਬੋਰਡ ਨਾਲ ਲੈਸ ਕੀਤਾ ਜਾਵੇਗਾ। ਮਨੁੱਖੀ ਵਸੀਲਾ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਸਾਰੇ ਸੂਬਿਆਂ ਨੇ ਇਸਨੂੰ ਲੈਕੇ ਸਹਿਮਤੀ ਦੇ ਦਿੱਤੀ ਹੈ।ਡਿਜੀਟਲ ਤਕਨੀਕ ਨੂੰ ਬੜ੍ਹਾਵਾ ਦੇਣ ‘ਚ ਲੱਗੀ ਸਰਕਾਰ ਨੇ ਦੇਸ਼ ਦੇ ਸਾਰੇ ਸਕੂਲਾਂ ਨੂੰ ਵੀ ਹੁਣ ਇਸ ਨਾਲ ਜੋੜਨ ਦਾ ਫੈਸਲਾ ਕੀਤਾ ਹੈ।
ਇਹ ਮੁਹਿੰਮ ਕਰੀਬ 60 ਸਾਲ ਪਹਿਲਾਂ ਚਲਾਏ ਗਏ ਬਲੈਕ ਬੋਰਡ ਅਭਿਆਨ ਵਾਂਗ ਪੂਰੇ ਦੇਸ਼ ਵਿਚ ਲਾਗੂ ਹੋਵੇਗੀ। ਸਿੱਖਿਆ ਦੇ ਅਧਿਕਾਰ ਦੇ ਦਾਇਰੇ ਨੂੰ ਵੀ ਨਰਸਰੀ ਤੋਂ ਮਿਡਲ ਤਕ ਕਰਨ ਨੂੰ ਲੈ ਕੇ ਚਰਚਾ ਹੋਈ, ਪਰ ਹਾਲੇ ਇਸ ਵਿਚ ਕੁਝ ਹੋਰ ਸਮਾਂ ਲੱਗੇਗਾ। ਕੁਝ ਨਿਯਮਾਂ ਨੂੁੰ ਬਦਲਣਾ ਵੀ ਪਵੇਗਾ।
ਸਕੂਲੀ ਸਿੱਖਿਆ ਨੂੰ ਲੈ ਕੇ ਕੇਂਦਰੀ ਸਿੱਖਿਆ ਸਲਾਹਕਾਰ ਬੋਰਡ (ਕੈਬ) ਦੀ ਸੋਮਵਾਰ ਨੂੰ ਹੋਈ ਬੈਠਕ ਦੀ ਜਾਣਕਾਰੀ ਦਿੰਦੇ ਹੋਏ ਬੋਰਡ ਦੇ ਚੇਅਰਮੈਨ ਅਤੇ ਕੇਂਦਰੀ ਮੰਤਰੀ ਜਾਵੜੇਕਰ ਨੇ ਕਿਹਾ ਕਿ ਸਕੂਲਾਂ ਦੀਆਂ ਕਲਾਸਾਂ ਨੂੰ ਡਿਜੀਟਲ ਬੋਰਡ ਨਾਲ ਲੈਸ ਕਰਨ ਲਈ ਛੇਤੀ ਹੀ ਇਕ ਯੋਜਨਾ ਤਿਆਰ ਕੀਤੀ ਜਾਵੇਗੀ।
ਇਹ ਯੋਜਨਾ ਹਾਲੇ ਥੋੜ੍ਹੀ ਮਹਿੰਗੀ ਹੈ, ਪਰ ਕੇਂਦਰ ਅਤੇ ਸੂਬਾ ਸਰਕਾਰ ਦੇ ਨਾਲ ਸਥਾਨਕ ਸਰਕਾਰ, ਸੀਆਰਐੱਸ ਅਤੇ ਲੋਕਾਂ ਦੀ ਭਾਈਵਾਲੀ ਨਾਲ ਇਸਦੇ ਲਈ ਫੰਡ ਇਕੱਠਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਲਾਸਾਂ ਦੇ ਡਿਜੀਟਲ ਬੋਰਡ ਨਾਲ ਲੈਸ ਹੋਣ ਦੇ ਬਾਅਦ ਵਿਦਿਆਰਥੀਆਂ ਦੀ ਪੂਰੀ ਪੜ੍ਹਾਈ ਇਸੇ ਦੇ ਜ਼ਰੀਏ ਦਿੱਤੀ ਜਾਵੇਗੀ। ਇਸਦੇ ਜ਼ਰੀਏ ਉਹ ਕਿਤਾਬਾਂ, ਇੰਟਰਨੈੱਟ ਅਤੇ ਟੀਵੀ ਨਾਲ ਸਿੱਧੇ ਜੁੜ ਸਕਣਗੇ।