
ਕੇਂਦਰੀ ਬਜਟ ਵਿਚ ਮਹਾਤਮਾ ਗਾਂਧੀ ਦੇ ਸਮਾਗਮਾਂ ਲਈ 150 ਕਰੋੜ ਰੁਪਏ ਪਰ ਬਾਬੇ ਨਾਨਕ ਦੇ ਸਮਾਗਮਾਂ ਲਈ ਠੂਠ : ਮਨਪ੍ਰੀਤ
ਚੰਡੀਗੜ੍ਹ, 5 ਫ਼ਰਵਰੀ (ਨੀਲ ਭਲਿੰਦਰ ਸਿੰਘ) : ਪੰਜਾਬ ਦੀ 'ਪੰਥ ਹਿਤੈਸ਼ੀ' ਪਾਰਟੀ ਅਕਾਲੀ ਦਲ ਦੀ ਕੇਂਦਰ ਸਰਕਾਰ 'ਚ ਸਰਗਰਮ ਭਾਈਵਾਲੀ ਦੇ ਬਾਵਜੂਦ ਕੇਂਦਰ ਨੇ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦਾ ਜਸ਼ਨ ਮਨਾਉਣ ਲਈ ਫ਼ੰਡ ਦੇਣ ਬਾਬਤ ਆਮ ਬਜਟ ਵਿਚ ਜ਼ਿਕਰ ਤਕ ਨਹੀਂ ਕੀਤਾ ਹਾਲਾਂਕਿ ਪੰਜਾਬ ਸਰਕਾਰ ਨੇ ਕੇਂਦਰ ਕੋਲੋਂ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਸੀ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕੋਲੋਂ ਇਸ ਬਾਬਤ ਪੁੱਛੇ ਜਾਣ 'ਤੇ ਉਨ੍ਹਾਂ ਪੁਸ਼ਟੀ ਕੀਤੀ ਕਿ ਉਹ ਖ਼ੁਦ ਇਹ ਮੰਗ ਲੈ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਕੋਲ ਗਏ ਸਨ। ਉਨ੍ਹਾਂ ਕੇਂਦਰੀ ਬਜਟ ਨੂੰ ਰਾਜਾਂ ਲਈ ਬੇਹੱਦ ਖੋਖਲਾ ਅਤੇ ਨੁਕਸਾਨਦਾਇਕ ਕਰਾਰ ਦਿੰਦਿਆਂ ਕਿਹਾ ਕਿ 'ਅਸੀਂ ਕੇਂਦਰ ਸਰਕਾਰ ਕੋਲੋਂ ਘੱਟੋ ਘੱਟ 200 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦੀ ਮੰਗ ਕੀਤੀ ਸੀ। ਇਸ ਤੋਂ ਇਲਾਵਾ ਸਾਲ 2019 ਵਿਚ 13 ਅਪ੍ਰੈਲ, 1919 (ਵਿਸਾਖੀ ਮੌਕੇ) ਜਲਿਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਦੇ ਸੌ ਸਾਲ ਪੂਰੇ ਹੋਣ ਮੌਕੇ ਵੀ ਅਕਾਦਮਿਕ, ਖੋਜ ਅਤੇ ਅਜਾਇਬ ਘਰ ਪ੍ਰਾਜੈਕਟਾਂ ਲਈ 100 ਕਰੋੜ ਰੁਪਏ ਦੇ ਪੈਕੇਜ ਦੀ ਮੰਗ ਰੱਖੀ ਗਈ ਸੀ ਪਰ ਕੇਂਦਰ ਨੇ ਇਸ ਬਾਬਤ ਵੀ ਚੁੱਪ ਹੀ ਧਾਰ ਲਈ।
'ਸਪੋਕਸਮੈਨ ਵੈੱਬ ਟੀਵੀ' 'ਤੇ ਖ਼ਾਸ ਇੰਟਰਵਿਊ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਜੇ ਇਸ ਵਾਰ ਦੇ ਕੇਂਦਰੀ ਬਜਟ ਨੂੰ ਗਹੁ ਨਾਲ ਵੇਖਿਆ ਜਾਵੇ ਤਾਂ ਮਹਾਤਮਾ ਗਾਂਧੀ ਦੀ ਇਸ ਵਾਰ ਆ ਰਹੀ 150 ਸਾਲਾ ਜਨਮ ਵਰ੍ਹੇਗੰਢ ਨੂੰ ਸਮਰਪਿਤ ਸਮਾਗਮਾਂ ਲਈ ਕੇਂਦਰੀ ਬਜਟ 'ਚ 150 ਕਰੋੜ ਰੁਪਏ ਰੱਖੇ ਗਏ ਹਨ ਜੋ ਵਾਜਬ ਹੈ ਪਰ ਗੁਰੂ ਨਾਨਕ ਦੇਵ ਜੀ ਦੀ ਸਮੁੱਚੀ ਮਨੁੱਖਤਾ ਨੂੰ ਮਹਾਨ ਦੇਣ ਹੈ। ਗੁਰੂ ਸਾਹਿਬ ਦੀ ਬਾਣੀ, ਉਨ੍ਹਾਂ ਦੀਆਂ ਸਿਖਿਆਵਾਂ ਸਮੁੱਚੇ ਜਗਤ ਦਾ ਮਾਰਗ-ਦਰਸ਼ਨ ਕਰਦੀਆਂ ਹਨ, ਇਸੇ ਲਈ ਪੰਜਾਬ ਸਰਕਾਰ ਚਾਹੁੰਦੀ ਸੀ ਕਿ ਕੇਂਦਰ ਬਜਟ ਵਿਚ ਇਸ ਵੱਡੇ ਮੌਕੇ ਲਈ ਵੀ ਘੱਟੋ ਘੱਟ 200 ਕਰੋੜ ਰੁਪਏ ਰੱਖੇ ਜਾਣੇ ਚਾਹੀਦੇ ਹਨ। ਇਸੇ ਤਰ੍ਹਾਂ ਜਲਿਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਨੂੰ ਸ਼ਰਧਾ ਅਤੇ ਵੇਦਨਾ ਨਾਲ ਯਾਦ ਕਰਨ ਅਤੇ ਅਗਲੀਆਂ ਪੀੜ੍ਹੀਆਂ ਤਕ ਸੁਨੇਹਾ ਪਹੁੰਚਾਉਣ ਹਿੱਤ ਕੇਂਦਰ ਨੂੰ ਬਜਟ ਤੋਂ ਪਹਿਲਾਂ ਬਾਕਾਇਦਾ ਲਿਖਤੀ ਬੇਨਤੀ ਕੀਤੀ ਗਈ ਕਿ ਸੂਬਾ ਸਰਕਾਰ ਨੂੰ 100 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦਿਤੀ ਜਾਵੇ। ਵਿੱਤ ਮੰਤਰੀ ਨੇ ਇਸ ਵਿਸ਼ੇਸ ਇੰਟਰਵਿਊ ਦੌਰਾਨ ਨੁਕਤਾ ਦਰ ਨੁਕਤਾ ਸਥਿਤੀ ਸਪੱਸ਼ਟ ਕਰਦਿਆਂ ਕੇਂਦਰੀ ਬਜਟ ਨੂੰ ਪੂਰੀ ਤਰ੍ਹਾਂ ਰਾਜਾਂ ਦਾ ਵਿਰੋਧੀ ਹੋਣ ਦਾ ਦਾਅਵਾ ਦੁਹਰਾਇਆ।