
ਚੰਡੀਗੜ੍ਹ੍ਹ, 18 ਜਨਵਰੀ (ਤਰੁਣ ਭਜਨੀ): ਸੈਕਟਰ 27 ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਚ 12ਵੀਂ ਜਮਾਤ ਦੇ ਇਕ ਵਿਦਿਆਰਥੀ ਨੇ ਜੇਬੀਟੀ ਅਧਿਆਪਕਾ ਨਾਲ ਬਦਸਲੂਕੀ ਕੀਤੀ ਅਤੇ ਉਸ ਦੇ ਨੱਕ 'ਤੇ ਘਸੁੰਨ ਮਾਰ ਕੇ ਫ਼ਰਾਰ ਹੋ ਗਿਆ। ਦਸਿਆ ਜਾਂਦਾ ਹੈ ਕਿ ਵਿਦਿਆਰਥੀ ਸ਼ਰਾਬ ਦੇ ਨਸ਼ੇ ਵਿਚ ਸੀ। ਸੈਕਟਰ 26 ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।ਮਿਲੀ ਜਾਣਕਾਰੀ ਅਨੁਸਾਰ 12ਵੀਂ ਦਾ ਵਿਦਿਆਰਥੀ ਅੱਧੀ ਛੁਟੀ ਦੇ ਸਮੇਂ ਸਕੂਲ ਵਿਚ ਆਇਆ ਸੀ ਅਤੇ ਸਕੂਲ ਵਿਚ ਉਹ 11ਵੀਂ ਜਮਾਤ ਤੇ ਬੱਚਿਆਂ ਨਾਲ ਬੈਠਾ ਸੀ। ਇਸ ਦੌਰਾਨ ਉਕਤ ਅਧਿਆਪਕਾ ਨੇ ਉਸ ਨੂੰ ਅਪਣੀ ਜਮਾਤ ਵਿਚ ਜਾ ਕੇ ਬੈਠਣ ਲਈ ਕਿਹਾ ਤਾਂ ਉਹ ਅਧਿਆਪਕਾ ਨਾਲ ਬਹਿਸ ਕਰਨ ਲੱਗ ਪਿਆ। ਅਧਿਆਪਕਾ ਉਸ ਨੂੰ ਫੜ ਕੇ ਪ੍ਰਿੰਸੀਪਲ ਦੇ ਕਮਰੇ ਵਿਚ ਲੈ ਗਈ, ਜਿਥੇ ਉਸ ਦੀ ਹਰਕਤ ਵੇਖ ਕੇ ਪ੍ਰਿੰਸੀਪਲ ਨੇ ਉਸ ਦਾ ਨਾਮ ਸਕੂਲ 'ਚੋਂ ਕੱਟ ਕੇ ਉਸ ਦੇ ਮਾਪਿਆਂ ਨੂੰ ਇਸ ਦੀ ਸੂਚਨਾ ਦੇ ਦਿਤੀ। ਇਸ ਤੋਂ ਬਾਅਦ ਵਿਦਿਆਰਥੀ ਸਕੂਲ ਤੋਂ ਭੱਜ ਗਿਆ, ਪਰ ਕੁੱਝ ਦੇਰ ਬਾਅਦ ਉਹ ਮੁੜ ਕਪੜੇ ਬਦਲ ਕੇ ਸਕੂਲ ਆਇਆ ਅਤੇ ਉਸ ਨੇ ਉਕਤ ਅਧਿਆਪਕਾ ਦੇ ਨੱਕ 'ਤੇ ਘਸੁੰਨ ਮਾਰ ਦਿਤਾ।
ਮੌਕੇ 'ਤੇ ਪੁਲਿਸ ਨੂੰ ਵੀ ਸੱਦਿਆ ਗਿਆ। ਸਕੂਲ ਪ੍ਰਸ਼ਾਸਨ ਨੇ ਮਾਮਲੇ ਦੀ ਸ਼ਿਕਾਇਤ ਸੈਕਟਰ 26 ਸਥਿਤ ਪੁਲਿਸ ਸਟੇਸ਼ਨ ਵਿਚ ਦਿਤੀ। ਇਸ ਦੇ ਬਾਅਦ ਪੁਲਿਸ ਉਸ ਨੂੰ ਲੈਣ ਸੈਕਟਰ-28 ਸਥਿਤ ਉਸ ਦੇ ਘਰ ਵੀ ਗਈ , ਪਰ ਉਹ ਉਥੇ ਵੀ ਨਹੀਂ ਮਿਲਿਆ। ਪੀੜਤ ਅਧਿਆਪਕਾ ਨੇ ਡਿਪਟੀ ਡਾਇਰੈਕਟਰ ਸਕੂਲ ਐਜੁਕੇਸ਼ਨ ਸਰੋਜ ਮਿੱਤਲ ਨੂੰ ਵੀ ਸ਼ਿਕਾਇਤ ਕੀਤੀ। ਉਨ੍ਹਾਂ ਦੇ ਨਾਲ ਸਰਵ ਸਿੱਖਿਆ ਅਭਿਆਨ ਐਸੋਸਿਏਸ਼ਨ ਦੇ ਪ੍ਰਧਾਨ ਅਰਵਿੰਦ ਰਾਣਾ ਵੀ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਦੀਵਾਰ ਪੰਜ ਫੁਟ ਦੇ ਕਰੀਬ ਹੈ। ਇਸ ਦੇ ਨਾਲ ਹੀ ਇਸਦੇ ਉਪਰ ਲੋਹੇ ਦਾ ਤਾਰ ਵੀ ਲਗੀ ਹੈ। ਪਰ, ਸਕੂਲ ਦੀ ਪਿਛਲੀ ਦੀਵਾਰ ਟੁੱਟੀ ਹੋਈ ਹੈ ਜਿੱਥੋਂ ਬੱਚੇ ਸੌਖਾਲੇ ਤਰੀਕੇ ਨਾਲ ਭੱਜ ਜਾਂਦੇ ਹਨ। ਸਿਖਿਆ ਵਿਭਾਗ ਦੇ ਅਧਿਕਾਰੀਆ ਨੇ ਦਸਿਆ ਕਿ ਮਾਮਲਾ ਕਾਫ਼ੀ ਗੰਭੀਰ ਹੈ। ਇਸ ਦੀ ਜਾਂਚ ਲਈ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਹੈ। ਇਸ ਤੋਂ ਇਲਾਵਾ ਅਜਿਹੀ ਘਟਨਾਵਾਂ ਨੂੰ ਰੋਕਣ ਲਈ ਜੋ ਵੀ ਜਰੂਰੀ ਹੋਵੇਗਾ ਉਹ ਕੀਤਾ ਜਾਵੇਗਾ