
ਚੰਡੀਗੜ੍ਹ : ਪਿਛਲੇ ਲਗਭਗ ਦੋ ਮਹੀਨਿਆਂ ਵਿਚ ਜੰਮੂ-ਕਸ਼ਮੀਰ ਵਿਚ ਲਗਾਤਾਰ ਪੰਜਾਬ ਦੇ ਜਵਾਨਾਂ ਦੀਆਂ ਹੋ ਰਹੀਆਂ ਸ਼ਹੀਦੀਆਂ ਚਿੰਤਾ ਦਾ ਵਿਸ਼ਾ ਹਨ। ਇਸ ਵਕਫ਼ੇ ਦੌਰਾਨ ਪੰਜਾਬ ਦੇ 5 ਜਵਾਨ ਸ਼ਹੀਦ ਹੋ ਚੁੱਕੇ ਹਨ। ਜੇਕਰ ਇਨ੍ਹਾਂ ਦੋ ਮਹੀਨਿਆਂ ਦੌਰਾਨ ਦੇਸ਼ ਭਰ ਦੇ ਜਵਾਨਾਂ ਦੀਆਂ ਸ਼ਹੀਦੀਆਂ ਦੀ ਗੱਲ ਕੀਤੀ ਜਾਵੇ ਤਾਂ ਇਹ ਅੰਕੜਾ ਕਾਫ਼ੀ ਜ਼ਿਆਦਾ ਹੈ।
ਪਿਛਲੇ ਦੋ ਮਹੀਨਿਆਂ ਯਾਨੀ 25 ਨਵੰਬਰ ਤੋਂ 20 ਜਨਵਰੀ ਤੱਕ ਦੀ ਜੇਕਰ ਗੱਲ ਕਰੀਏ ਤਾਂ 25 ਨਵੰਬਰ 2017 ਨੂੰ ਲਾਂਸ ਨਾਇਕ ਮਨਦੀਪ ਸਿੰਘ ਵਾਸੀ ਚੈਹਲਖੁਰਦ ਪਿੰਡ ਬਟਾਲਾ, 7 ਦਸੰਬਰ 2017 ਨੂੰ ਪਲਵਿੰਦਰ ਸਿੰਘ ਵਾਸੀ ਪਿੰਡ ਰਾਏਚੱਕ, ਡੇਰਾ ਬਾਬਾ ਨਾਨਕ, 23 ਦਸੰਬਰ 2017 ਨੂੰ ਲਾਂਸ ਨਾਇਕ ਗੁਰਮੇਲ ਸਿੰਘ ਪਿੰਡ ਅਲਕੜੇ, ਅੰਮ੍ਰਿਤਸਰ 31 ਦਸੰਬਰ 2017 ਨੂੰ ਜਗਸੀਰ ਸਿੰਘ ਪਿੰਡ ਲੋਹਗੜ੍ਹ ਫਿਰੋਜ਼ਪੁਰ ਅਤੇ 20 ਜਨਵਰੀ 2018 ਨੂੰ ਮਨਦੀਪ ਸਿੰਘ ਆਲਮਪੁਰ, ਸੰਗਰੂਰ ਦੀਆਂ ਜੰਮੂ-ਕਸ਼ਮੀਰ ‘ਚ ਸ਼ਹੀਦੀਆਂ ਹੋਈਆਂ।
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਰਹੱਦ 'ਤੇ ਹੋ ਰਹੀਆਂ ਪੰਜਾਬ ਦੇ ਫ਼ੌਜੀ ਜਵਾਨਾਂ ਦੀਆਂ ਸ਼ਹੀਦੀਆ 'ਤੇ ਗੰਭੀਰ ਚਿੰਤਾ ਜ਼ਾਹਿਰ ਕਰਦੇ ਹੋਏ ਇਸ ਮੁੱਦੇ ਨੂੰ ਲੈ ਕੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਸੁਨੀਲ ਜਾਖੜ ਨੇ ਰਾਹੁਲ ਗਾਂਧੀ ਨਾਲ ਸਰਹੱਦੀ ਖੇਤਰਾਂ ਦੀ ਸੁਰੱਖਿਆ ਦੇ ਮੁੱਦੇ ‘ਤੇ ਗੱਲਬਾਤ ਕੀਤੀ। ਇਸ ਤੋਂ ਬਿਨਾਂ ਜਾਖੜ ਨੇ ਕਾਂਗਰਸ ਪ੍ਰਧਾਨ ਨਾਲ ਜੰਮੂ-ਕਸ਼ਮੀਰ ‘ਚ ਲਗਾਤਾਰ ਜਵਾਨਾਂ ਦੀਆਂ ਹੋ ਰਹੀਆਂ ਸ਼ਹੀਦੀਆਂ ‘ਤੇ ਚਿੰਤਾ ਪ੍ਰਗਟਾਈ।
ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਭਰੋਸਾ ਦਿਵਾਇਆ ਹੈ ਕਿ ਪਾਰਟੀ ਇਸ ਮਾਮਲੇ ਨੂੰ ਲੋਕਸਭਾ ਵਿਚ ਜ਼ਰੂਰ ਉਠਾਏਗੀ।ਜਾਖੜ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਤਾਂ ਸ਼ਹੀਦਾਂ ਦੇ ਪਰਿਵਾਰਾਂ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਅਤੇ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕੀਤਾ ਪਰ ਕੇਂਦਰ ਸਰਕਾਰ ਨੇ ਨਾ ਕੋਈ ਐਲਾਨ ਕੀਤਾ ਹੈ ਅਤੇ ਨਾ ਹੀ ਕਸ਼ਮੀਰ ਵਿਚ ਸਰਹੱਦ ਤੋਂ ਪਾਰ ਬਿਨਾਂ ਕਾਰਨ ਫਾਇਰਿੰਗ ਅਤੇ ਦਿਨੋ -ਦਿਨ ਵਧ ਰਹੇ ਅੱਤਵਾਦ 'ਤੇ ਨਕੇਲ ਕਸੀ ਹੈ, ਜਿਸ ਕਾਰਨ ਸਰਹੱਦ 'ਤੇ ਭਾਰਤੀ ਫ਼ੌਜੀਆਂ ਦੀਆਂ ਸ਼ਹੀਦੀਆਂ ਹੋ ਰਹੀਆਂ ਹਨ।