
ਚੰਡੀਗੜ੍ਹ, 7 ਅਕਤੂਬਰ (ਨੀਲ ਭਲਿੰਦਰ ਸਿੰਘ): ਗੁਰਮੀਤ ਰਾਮ ਰਹੀਮ ਨੇ ਸੀ ਬੀ ਆਈ ਅਦਾਲਤ ਵਲੋਂ ਉਸ ਨੂੰ ਬਲਾਤਕਾਰ ਦੇ ਦੋਹਰੇ ਦੋਸ਼ਾਂ ਤਹਿਤ ਸੁਣਾਈ ਗਈ ਸਜ਼ਾ ਵਿਰੁਧ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਸੋਧ ਕੇ ਪਟੀਸ਼ਨ ਦਾਇਰ ਕੀਤੀ ਹੈ । ਪਹਿਲਾਂ ਇਸ ਸਬੰਧ ਵਿਚ ਦਾਇਰ ਕੀਤੀ ਪਟੀਸ਼ਨ 'ਤੇ ਹਾਈ ਕੋਰਟ ਦੀ ਰਜਿਸਟਰੀ ਨੇ ਇਤਰਾਜ਼ ਲਗਾ ਦਿਤਾ ਸੀ। ਸੰਭਾਵਨਾ ਹੈ ਕਿ ਹਾਈ ਕੋਰਟ ਹੁਣ ਇਸ 'ਤੇ ਸੋਮਵਾਰ ਨੂੰ ਸੁਣਵਾਈ ਕਰੇਗਾ। ਦਸਣਯੋਗ ਹੈ ਕਿ ਦੋ ਸਾਧਵੀਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਵਿਚ ਪੰਚਕੂਲਾ ਦੀ ਸੀ ਬੀ ਆਈ ਅਦਾਲਤ ਨੇ 28 ਅਗੱਸਤ ਨੂੰ 10-10 ਸਾਲ ਯਾਨੀ ਕੁਲ 20 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਇਸ ਤਹਿਤ ਗੁਰਮੀਤ ਰਾਮ ਰਹੀਮ ਰੋਹਤਕ ਦੀ ਸੁਨਾਰਿਆ ਜੇਲ ਵਿਚ ਸਜ਼ਾ ਕੱਟ ਰਿਹਾ ਹੈ। ਗੁਰਮੀਤ ਰਾਮ ਰਹੀਮ ਵਲੋਂ ਉਸ ਦੇ ਵਕੀਲਾਂ ਨੇ ਸਨਿਚਰਵਾਰ ਨੂੰ ਹਾਈ ਕੋਰਟ ਵਿਚ ਇਸ ਸਜ਼ਾ ਨੂੰ ਚੁਨੌਤੀ ਦਿੰਦੇ ਹੋਏ ਸੋਧ ਕੇ ਪਟੀਸ਼ਨ ਦਾਇਰ ਕੀਤੀ।
ਪੰਚਕੂਲਾ ਹਿੰਸਾ ਮਗਰੋਂ ਮੁਅੱਤਲ ਕੀਤੇ ਆਈਪੀਐਸ ਦੀਆਂ ਸੇਵਾਵਾਂ ਬਹਾਲ ਚੰਡੀਗੜ੍ਹ, 7 ਅਕਤੂਬਰ (ਨੀਲ ਭਲਿੰਦਰ ਸਿੰਘ): ਹਰਿਆਣਾ ਸਰਕਾਰ ਨੇ ਸੌਦਾ ਸਾਧ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਏ ਜਾਣ ਉਤੇ 25 ਅਗੱਸਤ ਨੂੰ ਪੰਚਕੂਲਾ 'ਚ ਭੜਕੀ ਹਿੰਸਾ ਰੋਕਣ ਵਿਚ ਅਸਫ਼ਲ ਰਹਿਣ ਦੇ ਦੋਸ਼ਾਂ ਤਹਿਤ ਮੁਅੱਤਲ ਕੀਤੇ ਆਈਪੀਐਸ ਅਸ਼ੋਕ ਕੁਮਾਰ ਦੀਆਂ ਸੇਵਾਵਾਂ ਬਹਾਲ ਕਰ ਦਿਤੀਆਂ ਹਨ। ਸਾਲ 2007 ਬੈਚ ਦੇ ਆਈਪੀਐਸ ਅਧਿਕਾਰੀ ਅਸ਼ੋਕ ਕੁਮਾਰ ਨੂੰ ਤੱਤਕਾਲ ਪ੍ਰਭਾਵ ਤੋਂ ਅੰਬਾਲਾ ਵਿਚ ਐਚਏਪੀ ਦੀ ਪਹਿਲੀ ਬਟਾਲੀਅਨ ਦਾ ਕਮਾਂਡੈਂਟ ਲਾਇਆ ਗਿਆ ਹੈ। ਹਾਲਾਂਕਿ ਅਸ਼ੋਕ ਕੁਮਾਰ ਵਿਰੁਧ ਵਿਭਾਗੀ ਕਾਰਵਾਈ ਦਾ ਅੰਤਮ ਫ਼ੈਸਲਾ ਹਾਲੇ ਆਉਣਾ ਹੈ। ਦਸਣਯੋਗ ਹੈ ਕਿ ਪੰਚਕੂਲਾ ਹਿੰਸਾ ਦੇ ਅਗਲੇ ਦਿਨ ਹੀ ਸਰਕਾਰ ਨੇ ਇਸ ਅਧਿਕਾਰੀ ਨੂੰ ਮੁਅੱਤਲ ਕਰ ਦਿਤਾ ਸੀ।