
ਨਵੀਂ ਦਿੱਲੀ, 6 ਦਸੰਬਰ: ਸੁਪਰੀਮ ਕੋਰਟ ਨੇ 1984 ਦੇ ਸਿੱਖ ਕਤਲੇਆਮ ਦੇ ਬੰਦ ਕੀਤੇ ਗਏ 241 ਮਾਮਲਿਆਂ 'ਤੇ ਵਿਚਾਰ ਕਰਨ ਲਈ ਗਠਤ ਸਲਾਹਕਾਰ ਕਮੇਟੀ ਦੀ ਰੀਪੋਰਟ ਅੱਜ ਰੀਕਾਰਡ 'ਚ ਲੈ ਲਈ ਅਤੇ ਕਿਹਾ ਕਿ ਇਸ 'ਤੇ ਵਿਚਾਰ ਕੀਤਾ ਜਾਵੇਗਾ।ਚੀਫ਼ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ.ਐਮ. ਖ਼ਾਨਵਿਲਕਰ ਅਤੇ ਜਸਟਿਸ ਧਨੰਜੈ ਵਾਈ. ਚੰਦਰਚੂੜ ਦੇ ਬੈਂਚ ਨੇ ਕਿਹਾ ਕਿ ਉਹ ਸਿਖਰਲੀ ਅਦਾਲਤ ਦੇ ਸਾਬਕਾ ਜੱਜਾਂ ਜੇ.ਐਮ. ਪਾਂਚਾਲ ਅਤੇ ਕੇ.ਐਸ.ਪੀ. ਰਾਧਾਕ੍ਰਿਸ਼ਣਨ ਦੀ ਸਲਾਹਕਾਰ ਕਮੇਟੀ ਦੀ ਰੀਪੋਰਟ 'ਤੇ 11 ਦਸੰਬਰ ਨੂੰ ਵਿਚਾਰ ਕਰੇਗੀ। ਚਮੜੇ ਦੇ ਥੈਲੇ 'ਚ ਬੰਦ ਇਹ ਰੀਪੋਰਟ ਅਦਾਲਤ 'ਚ ਪੇਸ਼ ਕੀਤੀ ਗਈ ਹੈ। ਇਸ ਥੈਲੇ 'ਚ ਨੰਬਰ ਵਾਲਾ ਤਾਲਾ ਲਗਿਆ ਹੋਇਆ ਹੈ।ਅਦਾਲਤ ਨੇ ਵਧੀਕ ਸਾਲੀਸੀਟਰ ਜਨਰਲ ਪਿੰਕੀ ਆਨੰਦ ਸਮੇਤ ਸਾਰੀਆਂ ਸਬੰਧਤ ਧਿਰਾਂ ਨੂੰ ਇਸ ਮਾਮਲੇ 'ਚ ਅਦਾਲਤ ਦੀ ਮਦਦ ਲਈ ਹਾਜ਼ਰ ਰਹਿਣ ਦਾ ਹੁਕਮ ਦਿਤਾ। ਅਦਾਲਤ ਨੇ ਕਿਹਾ ਕਿ ਸਿੱਖ ਕਤਲੇਆਮ ਨਾਲ ਸਬੰਧਤ 241 ਮਾਮਲੇ ਬੰਦ ਕਰਨ ਦੀ ਵਿਸ਼ੇਸ਼ ਜਾਂਚ ਟੀਮ ਦੀ ਕਾਰਵਾਈ ਬਾਰੇ ਕਮੇਟੀ ਦੇ ਇਕ ਮੈਂਬਰ ਨੇ ਬੰਦ ਕੀਤੇ ਹਰ ਮਾਮਲੇ ਦੀ ਜਾਂਚ ਤੋਂ ਬਾਅਦ ਚਾਰ ਸਤੰਬਰ ਨੂੰ ਇਕ ਚਿੱਠੀ ਲਿਖੀ ਸੀ। ਸਿਖਰਲੀ ਅਦਾਲਤ ਨੇ 16 ਅਗੱਸਤ ਨੂੰ 241 ਮਾਮਲੇ ਬੰਦ ਕਰਨ ਦੇ ਵਿਸ਼ੇਸ਼ ਜਾਂਚ ਟੀਮ ਦੇ ਫ਼ੈਸਲੇ ਦੀ ਜਾਂਚ ਲਈ ਇਹ ਕਮੇਟੀ ਗਠਤ ਕੀਤੀ ਸੀ। ਕਮੇਟੀ ਨੂੰ ਤਿੰਨ ਮਹੀਨਿਆਂ ਅੰਦਰ ਅਪਣੀ ਰੀਪੋਰਟ ਅਦਾਲਤ ਨੂੰ ਸੌਂਪਣੀ ਸੀ।ਕੇਂਦਰ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਵਿਸ਼ੇਸ਼ ਜਾਂਚ ਟੀਮ ਨੇ 250 ਮਾਮਲਿਆਂ ਦੀ ਜਾਂਚ ਕੀਤੀ ਸੀ ਅਤੇ ਇਨ੍ਹਾਂ 'ਚੋਂ 241 ਮਾਮਲੇ ਬੰਦ ਕਰਨ ਲਈ ਰੀਪੋਰਟ ਦਾਖ਼ਲ ਕੀਤੀ ਗਈ ਸੀ। ਕੇਂਦਰ ਨੇ ਇਹ ਵੀ ਕਿਹਾ ਸੀ ਕਿ 9 ਮਾਮਲਿਆਂ ਦੀ ਵਿਸ਼ੇਸ਼ ਜਾਂਚ ਟੀਮ ਅਜੇ ਵੀ ਜਾਂਚ ਕਰ ਰਹੀ ਹੈ ਅਤੇ ਦੋ ਮਾਮਲਿਆਂ ਦੀ ਸੀ.ਬੀ.ਆਈ. ਜਾਂਚ ਕੀਤੀ ਜਾ ਰਹੀ ਹੈ।ਅਦਾਲਤ ਨੇ 24 ਮਾਰਚ ਨੂੰ ਕੇਂਦਰ ਸਰਕਾਰ ਨੂੰ ਹੁਕਮ ਦਿਤਾ ਸੀ ਕਿ ਸਿੱਖ ਕਤਲੇਆਮ ਨਾਲ ਸਬੰਧਤ 199 ਮਾਮਲਿਆਂ ਦੀ ਫ਼ਾਈਲ ਪੇਸ਼ ਕੀਤੀ ਜਾਵੇ। ਗ੍ਰਹਿ ਮੰਤਰਾਲਾ ਵਲੋਂ ਗਠਤ ਵਿਸ਼ੇਸ਼ ਜਾਂਚ ਟੀਮ ਨੇ ਇਨ੍ਹਾਂ ਮਾਮਲਿਆਂ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਸੀ।ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ 31 ਅਕਤੂਬਰ, 1984 ਨੂੰ ਕਤਲ ਤੋਂ ਬਾਅਦ ਹੋਏ ਸਿੱਖ ਕਤਲੇਆਮ 'ਚ ਇਕੱਲੇ ਦਿੱਲੀ 'ਚ ਹੀ 2733 ਲੋਕ ਮਾਰੇ ਗਏ ਸਨ। (ਪੀਟੀਆਈ)