
ਸੁਪਰੀਮ ਕੋਰਟ ਵੱਲੋਂ ਵਿਵਾਦਤ ਫ਼ਿਲਮ ‘ਪਦਮਾਵਤ’ ਉੱਪਰ ਲੱਗੀ ਰੋਕ ਹਟਾਉਣ ਲਈ ਹੁਕਮ ਤਾਂ ਦੇ ਦਿੱਤੇ ਪਰ ਕੁਝ ਲੋਕ ਹਾਲੇ ਵੀ ਪਿੱਛੇ ਨਹੀਂ ਹੱਟ ਰਹੇ। ਦੇਸ਼ ਭਰ ਵਿੱਚ 25 ਜਨਵਰੀ ਨੂੰ ਫ਼ਿਲਮ ਰਿਲੀਜ਼ ਹੋਣੀ ਹੈ। ਇਸ ਦੇ ਵਿਰੋਧ ਵਿੱਚ ਬਿਹਾਰ ਦੇ ਮੁਜ਼ੱਫਰਪੁਰ ਵਿੱਚ ਰਾਜਪੁਤ ਕਰਣੀ ਸੈਨਾ ਨਾਲ ਜੁੜੇ ਲੋਕਾਂ ਨੇ ਹੰਗਾਮਾ ਕੀਤਾ। ਇੱਥੇ ਇੱਕ ਥੀਏਟਰ ਵਿੱਚ ਭੰਨ-ਤੋੜ ਕੀਤੀ ਅਤੇ ਫ਼ਲਮ ਦੇ ਪੋਸਟਰ ਪਾੜ ਸੁੱਟੇ।
ਪੁਲਿਸ ਮੁਤਾਬਕ- ਮਿੱਠਨਪੁਰਾ ਥਾਣਾ ਖੇਤਰ ਦੇ ਜਯੋਤੀ ਕਾਰਨੀਵਲ ਥੀਏਟਰ ਵਿੱਚ 30-40 ਬੰਦੇ ਪੁੱਜੇ ਅਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਨਾਂ ਲੋਕਾਂ ਨੇ ਸਿਨੇਮਾ ਹਾਲ ਦੀ ਕੰਧ ‘ਤੇ ਲੱਗੇ ਫ਼ਿਲਮ ਦੇ ਪੋਸਟਰ ਹਟਾ ਦਿੱਤੇ ਅਤੇ ਫਰਨੀਚਰ ਵੀ ਤੋੜਿਆ।
ਕਰਣੀ ਸੈਨਾ ਨੇ ‘ਪਦਮਾਵਤ’ ਵਿਖਾਉਣ ‘ਤੇ ਸਿਨੇਮਾ ਹਾਲ ਵਿੱਚ ਅੱਗ ਲਾਉਣ ਦੀ ਧਮਕੀ ਵੀ ਦਿੱਤੀ ਹੈ। ਇਨਾਂ ਲੋਕਾਂ ਨੇ ਕਿਹਾ- ਅਸੀਂ ਕਿਸੇ ਵੀ ਕੀਮਤ ‘ਤੇ ਸਿਨੇਮਾ ਘਰਾਂ ਵਿੱਚ ਇਹ ਫ਼ਿਲਮ ਨਹੀਂ ਚੱਲਣ ਦਿਆਂਗੇ।
ਕਰਣੀ ਸੈਨਾ ਦੇ ਇਹ ‘ਵੀਰ’ ਹਾਲਾਂਕਿ ਪੁਲਿਸ ਆਉਂਦੀ ਵੇਖ ਭੱਜ ਗਏ। ਪੁਲਿਸ ਦੇ ਇੱਕ ਅਫਸਰ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਵੇਖ ਕੇ ਹੰਗਾਮਾ ਕਰਨ ਵਾਲਿਆਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।