
ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਚਾਰ ਸੀਨੀਅਰ ਜੱਜਾਂ ਦੁਆਰਾ ਮੁੱਖ ਜੱਜ ਵਿਰੁਧ ‘ਖੁਲ੍ਹੀ ਬਗ਼ਾਵਤ’ ਦੇ ਮਾਮਲੇ ਦੇ ਹੱਲ ਲਈ ਸੁਪਰੀਮ ਕੋਰਟ ਦੇ ਜੱਜਾਂ ਵਿਚਕਾਰ ਵਿਚਾਰ-ਵਟਾਂਦਰਾ ਚੱਲ ਰਿਹਾ ਹੈ। ਸੂਤਰਾਂ ਨੇ ਦਸਿਆ ਕਿ ਸੁਪਰੀਮ ਕੋਰਟ ਦੇ ਦੋ ਜੱਜਾਂ ਜੱਜ ਐਸ ਏ ਬੋਬਦੇ ਅਤੇ ਐਲ ਨਾਗੇਸ਼ਵਰ ਰਾਉ ਨੇ ਅੱਜ ਜੱਜ ਜੇ ਚੇਲਾਮੇਸ਼ਵਰ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਇਥੇ ਅਪਣੀ ਸਰਕਾਰੀ ਰਿਹਾਇਸ਼ ਵਿਚ ਕੀਤੇ ਗਏ ਨਿਵੇਕਲੇ ਪੱਤਰਕਾਰ ਸੰਮੇਲਨ ਵਿਚ ਚਾਰ ਜੱਜਾਂ ਦੀ ਅਗਵਾਈ ਕੀਤੀ ਸੀ।
ਇਸੇ ਦੌਰਾਨ ਦੇਰ ਸ਼ਾਮ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਸਿੰਘ ਨੇ ਅੱਜ ਮੁੱਖ ਜੱਜ ਦੀਪਕ ਮਿਸ਼ਰਾ ਨਾਲ ਮੁਲਾਕਾਤ ਕੀਤੀ ਅਤੇ ਸੁਪਰੀਮ ਕੋਰਟ ਵਿਚ ਪੈਦਾ ਹੋਏ ਸੰਕਟ ਬਾਰੇ ਉਨ੍ਹਾਂ ਨੂੰ ਤਜਵੀਜ਼ ਸੌਂਪੀ। ਸੀਨੀਅਰ ਵਕੀਲ ਨੇ ਕਿਹਾ ਕਿ ਉਨ੍ਹਾਂ ਐਸੋਸੀਏਸ਼ਨ ਦੇ ਪ੍ਰਸਤਾਵ ਦੀ ਕਾਪੀ ਮੁੱਖ ਜੱਜ ਨੂੰ ਸੌਂਪੀ ਹੈ ਜਿਨ੍ਹਾਂ ਨੇ ਇਸ ਬਾਰੇ ਗ਼ੌਰ ਕਰਨ ਦਾ ਭਰੋਸਾ ਦਿਤਾ ਹੈ।
ਮੁੱਖ ਜੱਜ ਨਾਲ 15 ਮਿੰਟ ਦੀ ਮੁਲਾਕਾਤ ਮਗਰੋਂ ਉਨ੍ਹਾਂ ਉਕਤ ਪ੍ਰਸਤਾਵ ਦੀ ਕਾਪੀ ਦੇਣ ਦੀ ਪੁਸ਼ਟੀ ਕੀਤੀ। ਦੂਜੇ ਪਾਸੇ, ਨਿਆਂਪਾਲਿਕਾ ਨੂੰ ਪ੍ਰਭਾਵਤ ਕਰਨ ਵਾਲੇ ਸੰਕਟ ਬਾਰੇ ਚਰਚਾ ਕਰਨ ਲਈ ਬਾਰ ਕੌਂਸਲ ਆਫ਼ ਇੰਡੀਆ (ਬੀਸੀਆਈ) ਦੇ ਸੱਤ ਮੈਂਬਰੀ ਵਫ਼ਦ ਦੁਆਰਾ ਜੱਜ ਚੇਲਾਮੇਸ਼ਵਰ ਨਾਲ ਉਨ੍ਹਾਂ ਦੇ ਘਰ ਜਾ ਕੇ ਮੁਲਾਕਾਤ ਕਰਨ ਤੋਂ ਫ਼ੌਰੀ ਬਾਅਦ ਇਨ੍ਹਾਂ ਜੱਜਾਂ ਦੀ ਬੈਠਕ ਹੋਈ।
ਬੀਸੀਆਈ ਵਫ਼ਦ ਦੀ ਅਗਵਾਈ ਇਸ ਦੇ ਪ੍ਰਧਾਨ ਅਤੇ ਸੀਨੀਅਰ ਵਕੀਲ ਮਨਨ ਕੁਮਾਰ ਮਿਸ਼ਰਾ ਨੇ ਕੀਤੀ। ਸੂਤਰਾਂ ਨੇ ਦਸਿਆ ਕਿ ਵਫ਼ਦ ਜੱਜ ਆਰ ਕੇ ਅਗਰਵਾਲ ਸਮੇਤ ਸੁਪਰੀਮ ਕੋਰਟ ਦੇ ਕਈ ਜੱਜਾਂ ਨਾਲ ਪਹਿਲਾਂ ਹੀ ਮੁਲਾਕਾਤ ਕਰ ਚੁਕਾ ਹੈ। ਨਾਲ ਹੀ, ਅੱਜ ਮੁੱਖ ਜੱਜ ਦੀਪਕ ਮਿਸ਼ਰਾ ਕੋਲੋਂ ਮਿਲਣ ਦਾ ਸਮਾਂ ਮੰਗਿਆ ਗਿਆ ਹੈ।
ਇਸੇ ਦੌਰਾਨ ਦਿੱਲੀ ਦੀਆਂ ਸਾਰੀਆਂ ਬਾਰ ਐਸੋਸੀਏਸ਼ਨਾ ਦੀ ਕਮੇਟੀ ਨੇ ਹਾਲੀਆ ਘਟਨਾਕ੍ਰਮ ਬਾਰੇ ਅਪਣੇ ਵਿਚਾਰ ਪ੍ਰਗਟ ਕਰਨ ਲਈ ਸ਼ਾਮ ਸਮੇਂ ਪੱਤਰਕਾਰ ਸੰਮੇਲਨ ਬੁਲਾਇਆ। ਬਾਰ ਕੌਂਸਲ ਨੇ ਤਾਜ਼ਾ ਘਟਨਾਕ੍ਰਮ ਨੂੰ ਮੰਦਭਾਗਾ ਦਸਿਆ ਸੀ ਅਤੇ ਕਿਹਾ ਸੀ ਕਿ ਲਗਦਾ ਹੈ ਕਿ ਰੋਸਟਰ ਅਤੇ ਕੁੱਝ ਮਾਮਲਿਆਂ ਨੂੰ ਸੂਚੀਬੱਧ ਕੀਤੇ ਜਾਣ ਕਾਰਨ ਮੁੱਖ ਜੱਜ ਅਤੇ ਜੱਜਾਂ ਵਿਚਕਾਰ ਮਤਭੇਦ ਹਨ।