
ਮੌਤ ਤੋਂ ਪਹਿਲਾਂ ਸ਼ਰਾਬ ਦੇ ਨਸ਼ੇ ਵਿਚ ਸੀ g ਮੌਤ ਦੇ ਸਰਟੀਫ਼ੀਕੇਟ ਵਿਚ ਪ੍ਰਗਟਾਵਾ
ਦੁਬਈ, 26 ਫ਼ਰਵਰੀ : ਬਾਲੀਵੁਡ ਅਦਾਕਾਰਾ ਸ੍ਰੀਦੇਵੀ ਦੀ ਮੌਤ ਅਚਾਨਕ ਡੁੱਬ ਜਾਣ ਨਾਲ ਹੋਈ। ਗ਼ਲਫ਼ ਨਿਊਜ਼ ਅਖ਼ਬਾਰ ਨੇ ਟਵਿਟਰ 'ਤੇ ਯੂਏਈ ਸਰਕਾਰ ਦੀ ਫ਼ੋਰੈਂਜ਼ਿਕ ਰੀਪੋਰਟ ਦੇ ਹਵਾਲੇ ਨਾਲ ਇਹ ਜਾਣਕਾਰੀ ਦਿਤੀ ਹੈ। ਰੀਪੋਰਟ ਵਿਚ ਮੌਤ ਦਾ ਕਾਰਨ ਬਾਥਰੂਮ ਦੇ ਟੱਬ ਵਿਚ ਡੁੱਬ ਜਾਣਾ ਦਸਿਆ ਗਿਆ ਹੈ। ਟਵਿਟਰ 'ਤੇ ਫ਼ੋਰੈਂਜ਼ਿਕ ਰੀਪੋਰਟ ਦੀ ਕਾਪੀ ਵੀ ਲਾਈ ਗਈ ਹੈ ਜਿਸ ਉਪਰ ਯੂਏਈ ਸਿਹਤ ਮੰਤਰਾਲੇ ਦੀ ਮੋਹਰ ਲੱਗੀ ਹੋਈ ਹੈ। ਦੁਬਈ ਸਰਕਾਰ ਨੇ ਟਵਿਟਰ 'ਤੇ ਦਸਿਆ ਕਿ ਦੁਬਈ ਪੁਲਿਸ ਨੇ ਮਾਮਲਾ ਸਬੰਧਤ ਅਥਾਰਟੀ ਹਵਾਲੇ ਕਰ ਦਿਤਾ ਹੈ ਜੋ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਅਪਣਾਈ ਜਾਣ ਵਾਲੀ ਨਿਯਮਿਤ ਕਾਨੂੰਨੀ ਪ੍ਰਕ੍ਰਿਆ ਅਪਣਾਏਗਾ।
ਦੁਬਈ ਸਰਕਾਰ ਦੇ ਮੀਡੀਆ ਅਧਿਕਾਰੀ ਨੇ ਦਸਿਆ, 'ਪੋਸਟਮਾਰਟਮ ਵਿਸ਼ਲੇਸ਼ਣ ਹੋਣ ਮਗਰੋਂ ਦੁਬਈ ਪੁਲਿਸ ਨੇ ਦਸਿਆ ਹੈ ਕਿ ਭਾਰਤੀ ਅਭਿਨੇਤਰੀ ਸ੍ਰੀਦੇਵੀ ਦੀ ਮੌਤ ਉਸ ਦੇ ਹੋਟਲ ਦੇ ਕਮਰੇ ਵਿਚ ਬਾਥਟੱਬ ਵਿਚ ਡਿੱਗ ਜਾਣ ਮਗਰੋਂ ਡੁੱਬਣ ਨਾਲ ਹੋਈ।' ਅਖ਼ਬਾਰ ਨੇ ਅਪਣੀ ਖ਼ਬਰ ਵਿਚ ਅਦਾਕਾਰ ਦਾ ਪੂਰਾ ਨਾਮ, ਉਸ ਦੇ ਪਾਸਪੋਰਟ ਦਾ ਨੰਬ, ਹਾਦਸੇ ਦੀ ਤਾਰੀਕ ਅਤੇ ਮੌਤ ਦਾ ਕਾਰਨ ਦਸਿਆ ਹੈ। ਅਖ਼ਬਾਰ ਦਾ ਇਹ ਵੀ ਕਹਿਣਾ ਹੈ ਕਿ ਸ੍ਰੀਦੇਵੀ ਸ਼ਰਾਬ ਦੇ ਨਸ਼ੇ ਵਿਚ ਬਾਥਟੱਬ ਵਿਚ ਡਿੱਗ ਗਈ ਅਤੇ ਡੁੱਬ ਗਈ। ਉਸ ਦੇ ਖ਼ੂਨ ਵਿਚ ਸ਼ਰਾਬ ਦਾ ਅੰਸ਼ ਮਿਲਿਆ ਹੈ। 54 ਸਾਲ ਦੀ ਸ੍ਰੀਦੇਵੀ ਦੀ ਸਨਿਚਰਵਾਰ ਨੂੰ ਦੇਰ ਰਾਤ ਦੁਬਈ ਦੇ ਹੋਟਲ ਵਿਚ ਮੌਤ ਹੋ ਗਈ ਸੀ। ਉਹ ਪਰਵਾਰਕ ਵਿਆਹ ਸਮਾਗਮ ਵਿਚ ਗਈ ਹੋਈ ਸੀ। ਉਧਰ, ਸੀਨੀਅਰ ਸਿਆਸੀ ਆਗੂ ਅਮਰ ਸਿੰਘ ਨੇ ਕਿਹਾ ਕਿ ਸ੍ਰੀਦੇਵੀ ਸ਼ਰਾਬ ਨਹੀਂ ਪੀਂਦੀ ਸੀ, ਇਸ ਲਈ ਉਕਤ ਰੀਪੋਰਟ 'ਤੇ ਭਰੋਸਾ ਕਰਨਾ ਮੁਸ਼ਕਲ ਹੈ। ਸ੍ਰੀਦੇਵੀ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਹਾਲੇ ਸਾਰੀਆਂ ਜ਼ਰੂਰੀ ਰੀਪੋਰਟਾਂ ਦੀ ਉਡੀਕ ਹੈ। ਭਾਰਤੀ ਅਧਿਕਾਰੀ ਜ਼ਰੂਰੀ ਪ੍ਰਮਾਣ ਪੱਤਰ ਮਿਲਣ ਦੀ ਉਡੀਕ ਕਰ ਰਹੇ ਹਨ। ਭਾਰਤੀ ਦੂਤਾਵਾਸ ਦੇ ਅਧਿਕਾਰੀ ਨੇ ਦਸਿਆ ਕਿ ਦੁਬਈ ਦੇ ਅਧਿਕਾਰੀਆਂ ਵਲੋਂ ਸਾਰੀਆਂ ਰੀਪੋਰਟਾਂ ਨਾ ਮਿਲਣ ਤਕ ਚੀਜ਼ਾਂ ਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ