
ਬਠਿੰਡਾ - ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕੀਤੇ ਜਾਣ ਦੇ ਰੋਸ ਵਜੋਂ ਸਰਕਾਰ ਦੇ ਫੈਸਲੇ ਖਿਲਾਫ ਥਰਮਲ ਪਲਾਂਟ ਦੇ ਕਰਮਚਾਰੀਆਂ ਨੇ ਬਠਿੰਡਾ ਗਿੱਦੜਬਾਹਾ ਓਵਰਬ੍ਰਿਜ 'ਤੇ ਜਾਮ ਲਗਾ ਦਿੱਤਾ। ਉਨ੍ਹਾਂ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ।
ਜ਼ਿਕਰਯੋਗ ਹੈ ਕਿ ਪਿਛਲੇ 43 ਸਾਲਾਂ ਤੋਂ ਬਠਿੰਡਾ ਦੀ ਸ਼ਾਨ ਅਤੇ ਪਛਾਣ ਰਹੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਨੂੰ ਸਰਕਾਰ ਨੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ, ਜਿਸ ਨੂੰ ਲੈ ਕੇ ਨਾ ਸਿਰਫ਼ ਮੁਲਾਜ਼ਮ ਸੰਗਠਨਾਂ ਵਿਚ ਰੋਸ ਹੈ ਬਲਕਿ ਆਮ ਲੋਕਾਂ ਵਿਚ ਵੀ ਮਾਯੂਸੀ ਛਾਈ ਹੋਈ ਹੈ।
ਬੇਸ਼ੱਕ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਚੋਣ ਮੈਨੀਫੈਸਟੋ ਵਿਚ ਥਰਮਲ ਦੇ ਮੁੱਦੇ ਨੂੰ ਸ਼ਾਮਿਲ ਕਰ ਕੇ ਇਸ ਨੂੰ ਮੁੜ ਚਾਲੂ ਕਰਨ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਆਪਣੇ ਵਾਅਦੇ 'ਤੇ ਪੂਰੀ ਨਹੀਂ ਉਤਰ ਸਕੀ। ਥਰਮਲ ਪਲਾਂਟ ਨੂੰ ਇੰਝ ਤਾਂ ਬੀਤੀ 28 ਅਕਤੂਬਰ ਨੂੰ ਹੀ ਬੰਦ ਕਰ ਦਿੱਤਾ ਗਿਆ ਸੀ ਪਰ ਹੁਣ ਸਰਕਾਰ ਨੇ ਇਸ 'ਤੇ ਆਖਰੀ ਫ਼ੈਸਲਾ ਲੈਂਦਿਆਂ ਇਸ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ।
ਥਰਮਲ ਪਲਾਂਟ ਨੂੰ ਬੰਦ ਕਰਨ ਦਾ ਥਰਮਲ ਪਲਾਂਟ ਨਾਲ ਜੁੜੀਆਂ ਜਥੇਬੰਦੀਆਂ ਤੋਂ ਇਲਾਵਾ ਵੱਖ-ਵੱਖ ਮੁਲਾਜ਼ਮ ਅਤੇ ਸਮਾਜਿਕ ਸੰਗਠਨਾਂ ਨੇ ਸਰਕਾਰ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਸੀ ਪਰ ਇਸ ਦੇ ਬਾਵਜੂਦ ਥਰਮਲ ਪਲਾਂਟ ਨੂੰ ਬੰਦ ਕਰ ਦਿੱਤਾ ਗਿਆ। ਜਿਸ ਦੇ ਰੋਸ ਵਜੋਂ ਥਰਮਲ ਪਲਾਂਟ ਕਰਮਚਾਰੀਆਂ ਨੇ ਓਵਰਬ੍ਰਿਜ ਨੂੰ ਜਾਮ ਕਰਕੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ।