ਕੋਲੰਬੋ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਲੰਮੇ ਸਮੇਂ ਬਾਅਦ ਆਖ਼ਰ ਅਪਣੀ ਰੰਗਤ ਵਿਚ ਪਰਤ ਆਏ। ਉਸ ਦੀ 89 ਦੌੜਾਂ ਦੀ ਧਮਾਕੇਦਾਰ ਪਾਰੀ ਦੇ ਦਮ 'ਤੇ ਭਾਰਤ ਨੇ ਬੰਗਲਾ ਦੇਸ਼ ਨੂੰ 17 ਦੌੜਾਂ ਨਾਲ ਹਰਾ ਕੇ ਤਿਕੋਣੀ ਟੀ-20 ਲੜੀ ਨਿਦਹਾਸ ਟਰਾਫ਼ੀ ਦੇ ਫ਼ਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ।
ਭਾਰਤ ਨੇ 3 ਵਿਕਟਾਂ 'ਤੇ 176 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਉਣ ਤੋਂ ਬਾਅਦ ਬੰਗਲਾ ਦੇਸ਼ ਨੂੰ 6 ਵਿਕਟਾਂ 'ਤੇ 159 ਦੌੜਾਂ 'ਤੇ ਹੀ ਰੋਕ ਲਿਆ। ਭਾਰਤ ਦੀ 4 ਮੈਚਾਂ ਵਿਚ ਇਹ ਤੀਜੀ ਜਿੱਤ ਰਹੀ ਅਤੇ ਇਸ ਦੇ ਨਾਲ ਹੀ ਉਹ ਫ਼ਾਈਨਲ 'ਚ ਪਹੁੰਚ ਗਿਆ ਹੈ।
ਫ਼ਾਈਨਲ ਦੀ ਦੂਸਰੀ ਟੀਮ ਦਾ ਫ਼ੈਸਲਾ ਸ੍ਰੀਲੰਕਾ ਅਤੇ ਬੰਗਲਾ ਦੇਸ਼ ਵਿਚਾਲੇ ਆਖ਼ਰੀ ਲੀਗ ਮੈਚ ਨਾਲ ਹੋਵੇਗਾ। ਟੀਮ ਇੰਡੀਆ ਦੀ ਜਿੱਤ ਦਾ ਹੀਰੋ ਹਿੱਟਮੈਨ ਰੋਹਿਤ ਰਿਹਾ, ਜੋ ਪਿਛਲੇ ਕਾਫੀ ਸਮੇਂ ਤੋਂ ਬੱਲੇ ਨਾਲ ਸੰਘਰਸ਼ ਕਰ ਰਿਹਾ ਸੀ।
ਉਸ ਨੇ ਅਪਣੀ ਫ਼ਾਰਮ ਦਿਖਾਉਂਦੇ ਹੋਏ 61 ਗੇਂਦਾਂ 'ਤੇ 89 ਦੌੜਾਂ ਦੀ ਪਾਰੀ ਵਿਚ 5 ਚੌਕੇ ਅਤੇ 5 ਛਿੱਕੇ ਲਾਏ। ਰੋਹਿਤ ਨੇ ਖੱਬੇ ਹੱਥ ਦੇ ਬੱਲੇਬਾਜ਼ ਸੁਰੇਸ਼ ਰੈਨਾ (47) ਦੇ ਨਾਲ ਦੂਸਰੇ ਵਿਕਟ ਲਈ 9.2 ਓਵਰ ਵਿਚ 102 ਦੌੜਾਂ ਦੀ ਸਾਂਝੇਦਾਰੀ ਕੀਤੀ।
ਰੋਹਿਤ ਭਾਰਤੀ ਪਾਰੀ ਦੀ ਆਖ਼ਰੀ ਗੇਂਦ 'ਤੇ ਆਊਟ ਹੋਇਆ। ਬੰਗਲਾ ਦੇਸ਼ ਨੇ ਕਾਫ਼ੀ ਕੋਸ਼ਿਸ਼ ਕੀਤੀ ਪਰ ਵਿਕਟ ਡਿਗਦੇ ਰਹਿਣ ਨਾਲ ਉਸ ਦੇ ਲਈ ਦੌੜਾਂ ਦੀ ਸਪੀਡ ਹੌਲੀ ਹੁੰਦੀ ਗਈ ਅਤੇ ਅਾਖ਼ਰ ਵਿਚ ਉਸ ਨੂੰ 17 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਮੁਸ਼ਫਿਕੁਰ ਰਹੀਮ ਨੇ 55 ਗੇਂਦਾਂ ਵਿਚ 5 ਚੌਕਿਆਂ ਅਤੇ 1 ਛਿੱਕਿਆਂ ਦੀ ਮਦਦ ਨਾਲ ਅਜੇਤੂ 72 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਦੂਸਰੇ ਪਾਸੇ ਵਿਕਟਾਂ ਡਿਗਦੀਆਂ ਰਹਿਣ ਕਾਰਨ ਉਹ ਟੀਮ ਨੂੰ ਜਿੱਤ ਦੀ ਮੰਜ਼ਿਲ ਤਕ ਨਹੀਂ ਲਿਜਾ ਸਕਿਆ।
end-of